
ਐਡਵਾਂਸ ਟਰੇਸਿੰਗ ਸਿਸਟਮ ਰਾਹੀਂ ਟਰੇਸ ਹੋਈ ਕਾਰ ਦੀ ਲੋਕੇਸ਼ਨ
ਇਸਲਾਮਾਬਾਦ: ਲੰਡਨ ਤੋਂ ਚੋਰੀ ਹੋਈ ਇਕ ਲਗਜ਼ਰੀ ‘ਬੈਂਟਲੇ ਮੁਲਸੇਨ’ ਸੇਡਾਨ ਕਾਰ ਪਾਕਿਸਤਾਨ ਦੇ ਕਰਾਚੀ ਤੋਂ ਮਿਲੀ ਹੈ। 2 ਸਤੰਬਰ ਨੂੰ ਕਰਾਚੀ ਦੇ ਇੱਕ ਆਲੀਸ਼ਾਨ ਬੰਗਲੇ ਤੋਂ ਕਾਰ ਨੂੰ ਬਰਾਮਦ ਕੀਤਾ ਗਿਆ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਬ੍ਰਿਟੇਨ ਦੀ ਨੈਸ਼ਨਲ ਕ੍ਰਾਈਮ ਏਜੰਸੀ (ਐੱਨ.ਸੀ.ਏ.) ਨੇ ਇਸ ਬਾਰੇ ਪਾਕਿਸਤਾਨੀ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਛਾਪੇਮਾਰੀ ਕੀਤੀ ਗਈ। ਲੰਡਨ ਤੋਂ ਕਈ ਹਫ਼ਤੇ ਪਹਿਲਾਂ ਕਾਰ ਚੋਰੀ ਹੋ ਗਈ ਸੀ। ਇਹ ਕਾਰ ਬ੍ਰਿਟੇਨ ਦੇ ਕੁਝ ਲੋਕਾਂ ਨੇ ਪਾਕਿਸਤਾਨੀ ਜਮੀਲ ਸ਼ਫੀ ਨੂੰ ਵੇਚੀ ਸੀ। ਦਲਾਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੀ ਕੀਮਤ ਕਰੀਬ 3.22 ਕਰੋੜ ਰੁਪਏ ਤੋਂ ਜ਼ਿਆਦਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਚੋਰ ਇੰਨੇ ਚਲਾਕ ਸਨ ਕਿ ਉਨ੍ਹਾਂ ਨੇ ਕਾਰ ਨੂੰ ਪਾਕਿਸਤਾਨ ਨਾਲ ਰਜਿਸਟਰ ਕਰਵਾ ਲਿਆ ਅਤੇ ਉਸ ਦੀ ਨੰਬਰ ਪਲੇਟ ਬਦਲ ਦਿੱਤੀ। ਪਰ ਅਧਿਕਾਰੀਆਂ ਨੇ ਜਾਂਚ ਦੌਰਾਨ ਪਾਇਆ ਕਿ ਕਾਰ ਦਾ ਚੈਸੀ ਨੰਬਰ ਉਹੀ ਸੀ ਜੋ ਯੂਕੇ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਦਿੱਤਾ ਸੀ। ਉਸ ਤੋਂ ਕਾਰ ਦੇ ਦਸਤਾਵੇਜ਼ ਵੀ ਮੰਗੇ ਗਏ ਪਰ ਉਸ ਕੋਲੋਂ ਜਾਅਲੀ ਦਸਤਾਵੇਜ਼ ਮਿਲੇ। ਇਸ ਤਰ੍ਹਾਂ ਚੋਰੀ ਦੀ ਕਾਰ ਦਾ ਪਰਦਾਫਾਸ਼ ਹੋਇਆ। ਰੈਕੇਟ ਵਿਚ ਸ਼ਾਮਲ ਲੋਕ ਪੂਰਬੀ ਯੂਰਪੀ ਦੇਸ਼ ਦੇ ਡਿਪਲੋਮੈਟ ਦੇ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਕਾਰ ਨੂੰ ਪਾਕਿਸਤਾਨ ਲੈ ਗਏ ਸਨ।
ਇਸ ਕਾਰ ਦੀ ਕੀਮਤ 300,000 ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ ਅਤੇ ਇਹ ਬ੍ਰਾਂਡ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਮਹਿੰਗੀ ਕਾਰ ਹੈ। ਅਧਿਕਾਰੀਆਂ ਨੇ ਲੋੜੀਂਦੇ ਦਸਤਾਵੇਜ਼ ਨਾ ਦੇਣ ਕਾਰਨ ਕਾਰ ਵੇਚਣ ਵਾਲੇ ਮਕਾਨ ਮਾਲਕ ਨੂੰ ਹਿਰਾਸਤ ਵਿਚ ਲੈ ਲਿਆ।