
ਯੂਕਰੇਨ ਵਿਰੁਧ ਜੰਗ ’ਚ ਉੱਤਰੀ ਕੋਰੀਆ ਤੋਂ ਹਥਿਆਰ ਖ਼ਰੀਦ ਸਕਦੈ ਰੂਸ
ਵਾਸ਼ਿੰਗਟਨ: ਉੱਤਰੀ ਕੋਰੀਆ ਦੇ ਤਾਨਸ਼ਾਹ ਆਗੂ ਕਿਮ ਜੋਂਗ ਉਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਲਈ ਛੇਤੀ ਹੀ ਰੂਸ ਦੀ ਯਾਤਰਾ ਕਰ ਸਕਦੇ ਹਨ ਕਿਉਂਕਿ ਰੂਸ ਯੂਕਰੇਨ ਨਾਲ ਅਪਣੀ ਜੰਗ ’ਚ ਪ੍ਰਯੋਗ ਲਈ ਫ਼ੌਜੀ ਉਪਕਰਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਕ ਅਮਰੀਕੀ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।
ਅਧਿਕਾਰੀ ਨੇ ਅਪਣਾ ਨਾਂ ਜ਼ਾਹਰ ਨਾ ਕਰਨ ਦੀ ਸ਼ਰਤ ’ਤੇ ਕਿਹਾ ਕਿ ਅਮਰੀਕਾ ਨੂੰ ਉਮੀਦ ਹੈ ਕਿ ਕਿਮ ਇਸ ਮਹੀਨੇ ਅੰਦਰ ਰੂਸ ਦੀ ਯਾਤਰਾ ਕਰਨਗੇ।
ਅਧਿਕਾਰੀ ਨੇ ਕਿਹਾ ਕਿ ਅਮਰੀਕਾ ਇਸ ਗੱਲ ਨੂੰ ਲੈ ਕੇ ਨਿਸ਼ਚਿਤ ਨਹੀਂ ਹੈ ਕਿ ਬੈਠਕ ਕਿੱਥੇ ਅਤੇ ਕਿਸ ਥਾਂ ਹੋਵੇਗੀ, ਪਰ ਪ੍ਰਸ਼ਾਂਤ ਮਹਾਸਾਗਰ ’ਤੇ ਸਥਿਤ ਬੰਦਰਗਾਹ ਸ਼ਹਿਰ ਵਲਾਦਿਵੋਸਤੋਕ ਉੱਤਰ ਕੋਰੀਆ ਨਾਲ ਅਪਣੀ ਮੁਕਾਬਲਤਨ ਦੂਰੀ ਕਾਰਨ ਬੈਠਕ ਦੀ ਸੰਭਾਵਤ ਥਾਂ ਹੋ ਸਕਦਾ ਹੈ।
ਕੌਮੀ ਸੁਰਖਿਆ ਕੌਂਸਲ ਦੀ ਬੁਲਾਰਾ ਐਡਰੀਨ ਨੇ ਕਿਹਾ ਕਿ ਰੂਸ ਦੇ ਰਖਿਆ ਮੰਤਰੀ ਸਰਗੇਈ ਸ਼ੋਈਗੂ ਨੇ ਪਿਛਲੇ ਮਹੀਨੇ ਉੱਤਰ ਕੋਰੀਆ ਦੀ ਯਾਤਰਾ ਕੀਤੀ ਸੀ ਅਤੇ ਉਸ ਨੂੰ ਰੂਸ ਨੂੰ ਗੋਲਾ-ਬਾਰੂਦ ਵੇਚਣ ਲਈ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ।
ਵਾਟਸਨ ਨੇ ਕਿਹਾ, ‘‘ਸਾਨੂੰ ਸੂਚਨਾ ਮਿਲੀ ਹੈ ਕਿ ਕਿਮ ਜੋਂਗ ਉਨ ਸ਼ਾਇਦ ਇਨ੍ਹਾਂ ਚਰਚਾਵਾਂ ਨੂੰ ਜਾਰੀ ਰੱਖ ਸਕਦੇ ਹਨ ਜਿਸ ’ਚ ਰੂਸ ’ਚ ਲੀਡਰ ਪੱਧਰ ਦੀ ਸਿਆਸੀ ਭਾਗੀਦਾਰੀ ਵੀ ਸ਼ਾਮਲ ਹੋਵੇਗੀ।’’
ਉਨ੍ਹਾਂ ਕਿਹਾ ਕਿ ਅਮਰੀਕਾ ਉੱਤਰ ਕੋਰੀਆ ਨੂੰ ਅਪੀਲ ਕਰਦਾ ਹੈ ਕਿ ਉਹ ‘‘ਰੂਸ ਦੇ ਨਾਲ ਅਪਣੀ ਹਥਿਆਰ ਗੱਲਬਾਤ ਬੰਦ ਕਰ ਦੇਣ ਅਤੇ ਪਿਉਂਗਯਾਂਗ ਵਲੋਂ ਰੂਸ ਨੂੰ ਹਥਿਆਰ ਨਾ ਦੇਣ ਜਾਂ ਨਾ ਵੇਚਣ ਦੇ ਜਨਤਕ ਅਹਿਦ ਦਾ ਪਾਲਣ ਕਰੇ।’’
ਸ਼ੋਈਗੂ ਨੇ ਕਿਹਾ ਕਿ ਦੋਵੇਂ ਦੇਸ਼ ਸਾਂਝਾ ਜੰਗੀ ਅਭਿਆਸ ਕਰ ਸਕਦੇ ਹਨ। ‘ਨਿਊਯਾਰਕ ਟਾਈਮਜ਼’ ਨੇ ਸਭ ਤੋਂ ਪਹਿਲਾਂ ਖ਼ਬਰ ਦਿਤੀ ਸੀ ਕਿ ਕਿਮ ਇਸ ਮਹੀਨੇ ਰੂਸ ’ਚ ਪੁਤਿਨ ਨਾਲ ਮੁਲਾਕਾਤ ਕਰ ਸਕਦੇ ਹਨ।