
ਟਰੰਪ ਬੋਲੇ : 3000 ਸਾਲ ਦੀ ਤਬਾਹੀ ਖਤਮ ਹੋਣ ਕੰਢੇ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਗਾਜ਼ਾ ਪੀਸ ਪਲਾਨ ਇਨ੍ਹੀਂ ਦਿਨੀਂ ਦੁਨੀਆ ਭਰ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸ਼ਨੀਵਾਰ ਨੂੰ ਟਰੰਪ ਨੇ ਇਸ ਪਲਾਨ ਦੀ ਸਫਲਤਾ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਗੱਲਬਾਤ ਤੋਂ ਬਾਅਦ ਇਜ਼ਰਾਇਲ ਵਾਪਸੀ ਰੇਖਾ ’ਤੇ ਸਹਿਮਤ ਹੋ ਗਿਆ ਹੈ। ਇੰਨਾ ਹੀ ਨਹੀਂ ਟਰੰਪ ਨੇ ਕਿਹਾ ਕਿ ਫਲਸਤੀਨੀ ਅੱਤਵਾਦੀ ਸਮੂਹ ਹਮਾਸ ਨੂੰ ਵੀ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਹੁਣ ਜਿਸ ਤਰ੍ਹਾਂ ਹੀ ਹਮਾਸ ਇਸ ਗੱਲ ’ਤੇ ਆਪਣੀ ਮੋਹਰ ਲਗਾਉਂਦਾ ਹੈ, ਉਸੇ ਸਮੇਂ ਹੀ ਸੀਜਫਾਇਰ ਲਾਗੂ ਹੋ ਜਾਵੇਗਾ ਅਤੇ ਫਿਰ ਬੰਦਕਾਂ ਦਾ ਆਦਾਨ-ਪ੍ਰਦਾਨ ਸ਼ੁਰੂ ਹੋ ਹੋਵੇਗਾ। ਇਸ ਤੋਂ ਬਾਅਦ ਅਸੀਂ ਅਗਲੇ ਪੜਾਅ ਦੀਆਂ ਤਿਆਰੀਆਂ ’ਚ ਜੁਟ ਜਾਵਾਂਗੇ, ਜੋ ਸਾਨੂੰ 3000 ਸਾਲ ਦੀ ਤਬਾਹੀ ਦੇ ਅੰਤ ਦੇ ਕਰੀਬ ਲੈ ਜਾਣਗੀਆਂ।
ਇਸ ਤੋਂ ਪਹਿਲਾਂ ਟਰੰਪ ਨੇ ਸ਼ੁੱਕਰਵਾਰ ਨੂੰ ਗਾਜ਼ਾ ਨੂੰ ਚਿਤਾਵਨੀ ਦਿੰਦੇ ਹੋਏ ਪ੍ਰਸਤਾਵ ਨੂੰ ਸਵੀਕਾਰ ਕਰਨ ਜਾਂ ਫਿਰ ਨਤੀਜੇ ਭੁਗਤਣ ਦੇ ਲਈ ਤਿਆਰ ਰਹਿਣ ਲਈ ਕਿਹਾ ਸੀ। ਟਰੰਪ ਦੀ ਇਸ ਧਮਕੀ ਦੇ ਕੁੱਝ ਸਮੇਂ ਬਾਅਦ ਹਮਾਸ ਵੱਲੋਂ ਇਸ ਪ੍ਰਸਤਾਵ ਦੇ ਕੁੱਝ ਬਿੰਦੂਆਂ ਨੂੰ ਛੱਡ ਕੇ ਬਾਕੀ ਗੱਲਾਂ ’ਤੇ ਆਪਣੀ ਸਹਿਮਤੀ ਦੇ ਦਿੱਤੀ ਸੀ।
ਇਸ ਤੋਂ ਬਾਅਦ ਟਰੰਪ ਨੇ ਇਸ ਪ੍ਰਸਤਾਵ ਨੂੰ ਤਿਆਰ ਕਰਨ ’ਚ ਸ਼ਾਮਲ ਸਾਰੇ ਦੇਸ਼ਾਂ ਦਾ ਧੰਨਵਾਦ ਕਰਦੇ ਹੋਏ ਇਜ਼ਰਾਇਲ ਨਾਲ ਤੁਰੰਤ ਗਾਜ਼ਾ ’ਚ ਬੰਬਾਰੀ ਰੋਕਣ ਦੀ ਅਪੀਲ ਕੀਤੀ ਸੀ ਤਾਂ ਕਿ ਬੰਧਕਾਂ ਨੂੰ ਸੁਰੱਖਿਅਤ ਰੂਪ ਨਾਲ ਬਾਹਰ ਲਿਆਂਦਾ ਜਾ ਸਕੇ। ਟਰੰਪ ਨੇ ਬੰਬਾਰੀ ਰੋਕਣ ਦੇ ਲਈ ਇਜ਼ਰਾਇਲ ਦੀ ਸ਼ਲਾਘਾ ਵੀ ਕੀਤੀ ਸੀ।