
ਪੰਜਾਬ ਦੀਆਂ ਰਵਾਇਤਾਂ ਖੇਡਾਂ ਰਹੀਆਂ ਖਿੱਚ ਦਾ ਕੇਂਦਰ
ਮੈਲਬੌਰਨ (ਪਰਮਵੀਰ ਸਿੰਘ ਆਹਲੂਵਾਲੀਆ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਪੂਰੇ ਆਸਟ੍ਰੇਲੀਆ ਵਿਚ ਵੱਡੀ ਪੱਧਰ ’ਤੇ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਸਬੰਧ ਵਿਚ ਮੈਲਬੌਰਨ ਦੇ ਪੱਛਮ ਵਿਚ ਸਥਿਤ ਪਲੰਮਟਨ ਵਿਖੇ ਦਲ ਬਾਬਾ ਬਿਧੀ ਚੰਦ ਖ਼ਾਲਸਾ ਛਾਉਣੀ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡ ਮੇਲਾ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕੀਤੀ।
Games Fair in Plumpton Melbourne
ਗੁਰਦੁਆਰਾ ਸਾਹਿਬ ਵਿਚ ਅਰਦਾਸ ਕੀਤੇ ਜਾਣ ਮਗਰੋਂ ਸ਼ੁਰੂ ਹੋਏ ਇਸ ਖੇਡ ਮੇਲੇ ਵਿਚ ਸਿੱਖ ਸੰਗਤਾਂ ਤੋਂ ਇਲਾਵਾ ਹੋਰ ਭਾਈਚਾਰੇ ਦੇ ਲੋਕਾਂ ਨੇ ਵੀ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਖੇਡ ਮੇਲੇ ਵਿਚ ਨੌਜਵਾਨਾਂ ਦੀ ਦੌੜ, ਕੁਇਜ਼ ਮੁਕਾਬਲੇ, ਐਥਲੈਟਿਕ, ਬੱਚਿਆਂ ਦੀਆਂ ਦੌੜਾਂ, ਬਜ਼ੁਰਗਾਂ ਦੀਆਂ ਦੌੜਾਂ, ਚਾਟੀ ਦੌੜ, ਡੰਡ, ਮਿਊਜ਼ੀਕਲ ਚੇਅਰ ਦੇ ਮੁਕਾਬਲੇ ਕਰਵਾਏ ਗਏ ਜੋ ਦਰਸ਼ਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ, ਚਾਟੀ ਦੌੜ ਦੇ ਨਾਲ-ਨਾਲ ਰੱਸਾ ਕੱਸੀ ਦੇ ਮੁਕਾਬਲੇ ਕਾਫ਼ੀ ਦੇਖਣਯੋਗ ਸਨ।
Games Fair in Plumpton Melbourne
ਇਸ ਮੌਕੇ ਬੋਲਦਿਆਂ ਮੇਲੇ ਦੇ ਪ੍ਰਬੰਧਕਾਂ ਨੇ ਜਿੱਥੇ ਸਮੁੱਚੀ ਸਿੱਖ ਸੰਗਤ ਨੂੰ 550ਵੇਂ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੱਤੀਆਂ, ਉਥੇ ਹੀ ਦਲ ਬਾਬਾ ਬਿਧੀ ਚੰਦ ਖ਼ਾਲਸਾ ਛਾਉਣੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਕਰਵਾਏ ਜਾ ਰਹੇ ਸਮਾਗਮਾਂ ਸਬੰਧੀ ਜਾਣਕਾਰੀ ਦਿੱਤੀ ਜੋ ਪਿਛਲੇ ਕਰੀਬ ਦੋ ਮਹੀਨੇ ਤੋਂ ਕਰਵਾਏ ਜਾ ਰਹੇ ਹਨ। ਇਸ ਖੇਡ ਮੇਲੇ ਦੌਰਾਨ ਸਥਾਨਕ ਅੰਗਰੇਜ਼ ਆਗੂ ਵੱਲੋਂ ਖੇਡ ਮੇਲਾ ਕਰਵਾਉਣ ਲਈ ਦਲ ਬਾਬਾ ਬਿਧੀ ਚੰਦ ਖ਼ਾਲਸਾ ਛਾਉਣੀ ਦੀ ਸ਼ਲਾਘਾ ਕੀਤੀ ਗਈ। ਦੱਸ ਦਈਏ ਕਿ ਜਿਵੇਂ ਜਿਵੇਂ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਨੇੜੇ ਆ ਰਿਹਾ ਹੈ ਓਵੇਂ ਓਵੇਂ ਇਸ ਦਿਨ ਨੂੰ ਮਨਾਉਣ ਲਈ ਆਸਟਰੇਲੀਅਨ ਸਿੱਖ ਸੰਗਤਾਂ ਵਿਚ ਉਤਸ਼ਾਹ ਹੋਰ ਵੀ ਵਧਦਾ ਜਾ ਰਿਹਾ ਹੈ। ਆਸਟ੍ਰੇਲੀਆ ਵਿਚ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਵੀ ਵੱਡੀ ਪੱਧਰ ’ਤੇ ਪ੍ਰੋਗਰਾਮ ਕਰਵਾਏ ਜਾਣੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।