5,364 ਮੀਟਰ ਦੀ ਉਚਾਈ 'ਤੇ ਨੇਪਾਲ 'ਚ ਐਵਰੈਸਟ ਬੇਸ ਕੈਂਪ ਤੱਕ ਟ੍ਰੈਕ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਸਿੰਗਾਪੁਰੀ ਬਣਿਆ
ਸਿੰਗਾਪੁਰ: ਸਿੰਗਾਪੁਰ ਦੇ ਵਸਨੀਕ ਭਾਰਤੀ ਮੂਲ ਦੇ 6 ਸਾਲਾ ਓਮ ਮਦਨ ਗਰਗ ਨੇ ਨੇਪਾਲ ਵਿਚ ਐਵਰੈਸਟ ਬੇਸ ਕੈਂਪ ਦੀ ਯਾਤਰਾ ਪੂਰੀ ਕੀਤੀ ਹੈ ਅਤੇ ਇਸ ਚੜ੍ਹਾਈ ਨੂੰ ਪੂਰਾ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਸਿੰਗਾਪੁਰੀ ਬਣ ਗਿਆ ਹੈ। ਓਮ ਮਦਨ ਗਰਗ ਨੇ ਇਸ ਪ੍ਰਾਪਤੀ ਨਾਲ ਆਪਣਾ ਨਾਂਅ ਸਿੰਗਾਪੁਰ ਬੁੱਕ ਆਫ ਰਿਕਾਰਡਜ਼ ਵਿਚ ਦਰਜ ਕਰਵਾਇਆ ਹੈ।
ਓਮ ਨੇ ਅਕਤੂਬਰ ਵਿਚ ਆਪਣੇ ਮਾਤਾ-ਪਿਤਾ ਨਾਲ 10 ਦਿਨਾਂ ਦੀ ਇਹ ਯਾਤਰਾ ਕੀਤੀ ਅਤੇ 65 ਕਿਲੋਮੀਟਰ ਦੀ ਟ੍ਰੈਕਿੰਗ ਤੋਂ ਬਾਅਦ 5,364 ਮੀਟਰ ਦੀ ਉਚਾਈ 'ਤੇ ਸਥਿਤ ਨੇਪਾਲ ਵਿਚ ਦੱਖਣੀ ਬੇਸ ਕੈਂਪ ਪਹੁੰਚਿਆ।
ਇਸ ਤੋਂ ਪਹਿਲਾਂ ਓਮ ਦੇ ਮਾਤਾ-ਪਿਤਾ ਉਸ ਨੂੰ ਵੀਅਤਨਾਮ, ਥਾਈਲੈਂਡ ਅਤੇ ਲਾਓਸ ਦੇ ਸਾਹਸਿਕ ਦੌਰਿਆਂ 'ਤੇ ਲੈ ਗਏ ਜਦੋਂ ਉਹ ਸਿਰਫ ਢਾਈ ਮਹੀਨੇ ਦਾ ਸੀ। ਓਮ, ਉਸ ਦੇ ਪਿਤਾ ਮਯੂਰ ਗਰਗ (38) ਅਤੇ ਮਾਂ ਗਾਇਤਰੀ ਮਹੇਂਦਰਮ (39) ਨੇ 28 ਸਤੰਬਰ ਨੂੰ 10 ਦਿਨਾਂ ਦੀ ਯਾਤਰਾ ਸ਼ੁਰੂ ਕੀਤੀ ਸੀ। ਓਮ ਕਿੰਡਰਗਾਰਟਨ 2 ਦਾ ਵਿਦਿਆਰਥੀ ਹੈ, ਉਸ ਦਾ ਕਹਿਣਾ ਹੈ, “ਮੈਂ ਪੂਰੀ ਦੁਨੀਆ ਨੂੰ ਦੇਖਣਾ ਚਾਹੁੰਦਾ ਹਾਂ।”