
ਸਿਹਤ ਤੇ ਦੇਖਭਾਲ ਵੀਜ਼ਾ 'ਤੇ ਡਾਕਟਰ ਹੁਣ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨਹੀਂ ਲਿਆ ਸਕਣਗੇ
United Kingdom: ਬ੍ਰਿਟੇਨ ਸਰਕਾਰ ਨੇ ਸੋਮਵਾਰ ਨੂੰ ਦੇਸ਼ 'ਚ ਪਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਲਈ ਸਖ਼ਤ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਵਿਦੇਸ਼ੀ ਕਾਮਿਆਂ ਲਈ ਸਕਿਲਡ ਵੀਜ਼ਾ ਪ੍ਰਾਪਤ ਕਰਨ ਲਈ ਤਨਖਾਹ ਲਿਮਟ ਨਿਰਧਾਰਤ ਕਰਨਾ ਤੇ ਪਰਿਵਾਰਕ ਮੈਂਬਰਾਂ ਨੂੰ ਆਸ਼ਰਿਤ ਵਜੋਂ ਲਿਆਉਣ 'ਤੇ ਰੋਕ ਸ਼ਾਮਲ ਹੈ।
ਬ੍ਰਿਟੇਨ ਦੇ ਗ੍ਰਹਿ ਸਕੱਤਰ ਜੇਮਸ ਕਲੇਵਰਲੇ ਨੇ ਬ੍ਰਿਟਿਸ਼ ਸੰਸਦ ਦੇ ਹੇਠਲੇ ਸਦਨ 'ਹਾਊਸ ਆਫ ਕਾਮਨਜ਼' 'ਚ ਇਕ ਬਿਆਨ 'ਚ ਖੁਲਾਸਾ ਕੀਤਾ ਕਿ ਇਸ ਕਾਰਵਾਈ ਦੇ ਹਿੱਸੇ ਵਜੋਂ ਸਿਹਤ ਤੇ ਦੇਖਭਾਲ ਵੀਜ਼ਾ 'ਤੇ ਡਾਕਟਰ ਹੁਣ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨਹੀਂ ਲਿਆ ਸਕਣਗੇ। ਇਸ ਫ਼ੈਸਲੇ ਦਾ ਅਸਰ ਭਾਰਤ ਸਮੇਤ ਸੈਂਕੜੇ ਦੇਸ਼ਾਂ 'ਤੇ ਪਵੇਗਾ।
ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਹੁਨਰਮੰਦ ਵਰਕ ਵੀਜ਼ਾ ਰਾਹੀਂ ਬ੍ਰਿਟੇਨ ਆਉਣ ਲਈ ਅਪਲਾਈ ਕਰਨ ਵਾਲਿਆਂ ਦੀ ਤਨਖਾਹ ਹੱਦ ਮੌਜੂਦਾ 26,200 ਬ੍ਰਿਟਿਸ਼ ਪੌਂਡ ਤੋਂ ਵਧਾ ਕੇ 38,700 ਬ੍ਰਿਟਿਸ਼ ਪੌਂਡ ਕਰ ਦਿੱਤੀ ਜਾਵੇਗੀ। ਫ਼ੈਮਿਲੀ ਵੀਜ਼ਾ ਕੈਟਾਗਰੀ ਤਹਿਤ ਅਪਲਾਈ ਕਰਨ ਵਾਲਿਆਂ 'ਤੇ ਵੀ ਇਹੀ ਤਨਖਾਹ ਦੀ ਰਕਮ ਲਾਗੂ ਹੋਵੇਗੀ ਜੋ ਇਸ ਸਮੇਂ 18,600 ਬ੍ਰਿਟਿਸ਼ ਪੌਂਡ ਹੈ। ਕਲੇਵਰਲੇ ਨੇ ਸੰਸਦ ਨੂੰ ਦੱਸਿਆ ਕਿ ‘ਇਮੀਗ੍ਰੇਸ਼ਨ ਨੀਤੀ ਨਿਰਪੱਖ, ਇਕਸਾਰ, ਕਾਨੂੰਨੀ ਤੇ ਟਿਕਾਊ ਹੋਣੀ ਚਾਹੀਦੀ ਹੈ।’ ਨਵੇਂ ਨਿਯਮ 2024 ਦੇ ਸ਼ੁਰੂ 'ਚ ਲਾਗੂ ਹੋਣਗੇ।
(For more news apart from UK Immigration rules has changed for immigrants, stay tuned to Rozana Spokesman)