
ਵਿਅਕਤੀ ਕੋਲ ਬੰਗਲਾਦੇਸ਼ੀ ਪਾਸਪੋਰਟ ਅਤੇ ਛੇ ਮਹੀਨਿਆਂ ਦਾ ਭਾਰਤੀ ਵੀਜ਼ਾ ਸੀ
ਅੰਮ੍ਰਿਤਸਰ - ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਪੰਜਾਬ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜਿਓਂ ਇੱਕ 62 ਸਾਲਾ ਬੰਗਲਾਦੇਸ਼ੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀ.ਐਸ.ਐਫ. ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਜਵਾਨਾਂ ਨੇ ਵੀਰਵਾਰ ਰਾਤ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰੋੜਾਂਵਾਲਾ ਖੁਰਦ ਦੇ ਇਲਾਕੇ ਵਿੱਚ ਮੁਹੰਮਦ ਮਹਿਮੂਦ ਆਲਮ ਤੁਲੂ ਨੂੰ ਰੋਕਿਆ।
ਬੁਲਾਰੇ ਅਨੁਸਾਰ ਇਹ ਵਿਅਕਤੀ ਭਾਰਤੀ ਪਾਸੇ ਤੋਂ ਸਰਹੱਦੀ ਵਾੜ ਨੇੜੇ ਪਾਕਿਸਤਾਨ ਵਾਲੇ ਪਾਸੇ ਜਾ ਰਿਹਾ ਸੀ।
ਬੀ.ਐਸ.ਐਫ. ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, "ਬੰਗਲਾਦੇਸ਼ੀ ਨਾਗਰਿਕ ਨੇ ਜਵਾਨਾਂ ਨੂੰ ਦੱਸਿਆ ਕਿ ਉਹ ਗ਼ਲਤੀ ਨਾਲ ਸਰਹੱਦੀ ਖੇਤਰ 'ਚ ਪਹੁੰਚ ਗਿਆ ਸੀ। ਉਸ ਕੋਲੋਂ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਅਤੇ ਉਸ ਨੂੰ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।"
ਉਸ ਨੇ ਦੱਸਿਆ ਕਿ ਉਹ ਬੰਗਲਾਦੇਸ਼ ਦੇ ਮਦਾਰੀਪੁਰ ਦਾ ਰਹਿਣ ਵਾਲਾ ਹੈ ਅਤੇ ਪਾਕਿਸਤਾਨ ਜਾਣ ਲਈ ਪੰਜਾਬ ਦੇ ਅਟਾਰੀ ਸਰਹੱਦ ਰਾਹੀਂ ਭਾਰਤ ਆਇਆ ਸੀ।
ਬੁਲਾਰੇ ਨੇ ਦੱਸਿਆ ਕਿ ਵਿਅਕਤੀ ਕੋਲ ਬੰਗਲਾਦੇਸ਼ੀ ਪਾਸਪੋਰਟ ਅਤੇ ਛੇ ਮਹੀਨਿਆਂ ਦਾ ਵਾਜਬ ਭਾਰਤੀ ਵੀਜ਼ਾ ਸੀ। ਉਸ ਨੇ ਬੀ.ਐਸ.ਐਫ. ਨੂੰ ਦੱਸਿਆ ਕਿ ਉਹ ਵਿਆਹਿਆ ਹੋਇਆ ਹੈ ਅਤੇ ਉਸ ਦਾ ਪਰਿਵਾਰ ਪਾਕਿਸਤਾਨ ਵਿਚ ਰਹਿੰਦਾ ਹੈ। ਹਾਲਾਂਕਿ ਉਸ ਵਿਅਕਤੀ ਕੋਲ ਪਾਕਿਸਤਾਨ ਦਾ ਵੀਜ਼ਾ ਨਹੀਂ ਸੀ।