
ਘਟਨਾ ਕਾਰਨ ਭਾਰਤੀ ਭਾਈਚਾਰੇ 'ਚ ਗੁੱਸਾ
ਲੰਡਨ 'ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਗੱਡੀ ਨੂੰ ਗਰਮਖ਼ਿਆਲੀਆਂ ਨੇ ਘੇਰ ਲਿਆ। ਉਨ੍ਹਾਂ 'ਚੋਂ ਇਕ ਨੇ ਉਨ੍ਹਾਂ ਦੀ ਕਾਰ ਦੇ ਅੱਗੇ ਆ ਕੇ ਤਿਰੰਗੇ ਝੰਡੇ ਦਾ ਅਪਮਾਨ ਕੀਤਾ। ਵਿਦੇਸ਼ ਮੰਤਰੀ ਫ਼ਿਲਹਾਲ ਲੰਡਨ 'ਚ ਹਨ। ਉਨ੍ਹਾਂ ਨੇ ਇੱਥੇ ਚਥਮ ਹਾਊਸ ਥਿੰਕ ਟੈਂਕ ਦੇ ਵਿਸ਼ੇਸ਼ ਪ੍ਰੋਗਰਾਮ ਵਿੱਚ ਹਿੱਸਾ ਲਿਆ।
ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਜਿਵੇਂ ਹੀ ਉਹ ਆਪਣੀ ਕਾਰ ਵੱਲ ਗਏ। ਉਥੇ ਪਹਿਲਾਂ ਹੀ ਪ੍ਰਦਰਸ਼ਨ ਕਰ ਰਹੇ ਗਰਮਖ਼ਿਆਲੀਆਂ ਨੇ ਉਨ੍ਹਾਂ ਨੂੰ ਦੇਖ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਤਿਰੰਗਾ ਝੰਡਾ ਲੈ ਕੇ ਆਏ ਇੱਕ ਵਿਅਕਤੀ ਨੇ ਉਨ੍ਹਾਂ ਦੀ ਕਾਰ ਦੇ ਅੱਗੇ ਜਾ ਕੇ ਰਸਤਾ ਰੋਕ ਲਿਆ। ਇਸ ਦੌਰਾਨ ਉਸ ਨੇ ਭਾਰਤ ਦੇ ਰਾਸ਼ਟਰੀ ਝੰਡੇ ਨੂੰ ਪਾੜਨ ਵਰਗੀਆਂ ਸ਼ਰਮਨਾਕ ਹਰਕਤਾਂ ਵੀ ਕੀਤੀਆਂ।
ਸੁਰੱਖਿਆ ਕਰਮੀਆਂ ਨੇ ਜਿਵੇਂ ਹੀ ਗਰਮਖ਼ਿਆਲੀਆਂ ਦੀ ਤਿਰੰਗਾ ਫੂਕਣ ਦੀ ਹਰਕਤ ਕਰਦਿਆਂ ਦੇਖਿਆ ਤਾਂ ਉਨ੍ਹਾਂਂ ਨੂੰ ਫੜ ਕੇ ਕਾਰ ਤੋਂ ਦੂਰ ਲੈ ਗਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਘਟਨਾ ਕਾਰਨ ਭਾਰਤੀ ਭਾਈਚਾਰੇ 'ਚ ਗੁੱਸਾ ਹੈ।
ਇਸ ਘਟਨਾ ਤੋਂ ਬਾਅਦ ਲੰਡਨ ਵਿਚ ਭਾਰਤੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਲੋਕ ਬਰਤਾਨੀਆ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਭਾਰਤੀ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਭਾਰਤ ਸਰਕਾਰ ਵੱਲੋਂ ਵੀ ਇਹ ਮੁੱਦਾ ਕੂਟਨੀਤਕ ਪੱਧਰ 'ਤੇ ਉਠਾਏ ਜਾਣ ਦੀ ਉਮੀਦ ਹੈ।
ਵਿਦੇਸ਼ਾਂ ਵਿੱਚ ਗਰਮਖ਼ਿਆਲੀ ਪਿਛਲੇ ਸਮੇਂ ਵਿੱਚ ਵੀ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਬਰਤਾਨੀਆ, ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਭਾਰਤੀ ਦੂਤਾਵਾਸਾਂ ਦੇ ਬਾਹਰ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ 'ਤੇ ਭਾਰਤ ਸਰਕਾਰ ਪਹਿਲਾਂ ਹੀ ਰੋਸ ਪ੍ਰਗਟ ਕਰ ਚੁੱਕੀ ਹੈ।