
ਭੁੱਖ ਨਾਲ ਤੜਪਦੇ ਲੋਕਾਂ ਲਈ ਭੇਜਿਆ ਅਨਾਜ ਅਤੇ ਨਲਕੇ
ਇਸਲਾਮਾਬਾਦ : ਪਾਕਿਸਤਾਨ ਦੀ ਗ਼ਰੀਬੀ ਵੇਖ ਭਾਰਤ ਦੇ ਇਕ ਕਾਰੋਬਾਰੀ ਨੂੰ ਤਰਸ ਆ ਗਿਆ। ਇਸ ਕਾਰੋਬਾਰੀ ਤੋਂ ਪਾਕਿਸਤਾਨ ਦੇ ਭੁੱਖੇ ਬੱਚੇ ਅਤੇ ਪਿਆਸੇ ਲੋਕ ਨਹੀਂ ਵੇਖੇ ਗਏ। ਇਨ੍ਹਾਂ ਦੀ ਮਦਦ ਲਈ ਇਸ ਕਾਰੋਬਾਰੀ ਨੇ ਅਨਾਜ ਭਿਜਵਾ ਦਿੱਤਾ। ਇਸ ਤੋਂ ਇਲਾਵਾ 60 ਨਲਕੇ ਵੀ ਲਗਵਾ ਦਿੱਤੇ ਹਨ। ਮੀਡੀਆ 'ਚ ਆਈਆਂ ਖ਼ਬਰਾਂ ਮੁਤਾਬਕ ਜੋਗਿੰਦਰ ਸਿੰਘ ਸਲਾਰੀਆ ਨੇ ਸੋਸ਼ਲ ਮੀਡੀਆ ਰਾਹੀਂ ਥਾਰਪਰਕਰ ਜ਼ਿਲ੍ਹੇ ਦੇ ਮਾੜੇ ਹਾਲਾਤ ਨੂੰ ਜਾਣਦਿਆਂ ਸਥਾਨਕ ਸਮਾਜਕ ਕਾਰਕੁੰਨਾਂ ਦੀ ਮਦਦ ਨਾਲ ਉੱਥੇ ਲਗਭਗ 62 ਨਲਕੇ ਲਗਵਾਏ ਹਨ। ਨਾਲ ਹੀ ਉਨ੍ਹਾਂ ਨੇ ਲੋਕਾਂ ਲਈ ਅਨਾਜ ਦੀਆਂ ਬੋਰੀਆਂ ਵੀ ਭਿਜਵਾਈਆਂ ਹਨ।
Joginder Singh Salaria
ਸਲਾਰੀਆ 1993 ਤੋਂ ਸੰਯੁਕਤ ਅਰਬ ਅਮੀਰਾਤ 'ਚ ਰਹਿ ਰਹੇ ਹਨ ਅਤੇ ਆਵਾਜਾਈ ਕਾਰੋਬਾਰ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਫ਼ੇਸਬੁਕ ਅਤੇ ਯੂਟਿਊਬ ਜਿਹੀ ਸੋਸ਼ਲ ਨੈਟਵਰਕਿੰਗ ਸਾਈਟਾਂ ਰਾਹੀਂ ਉਹ ਪਾਕਿਸਤਾਨ 'ਚ ਸਮਾਜਕ ਕਾਰਕੁਨਾਂ ਤਕ ਪੁੱਜੇ। ਉਨ੍ਹਾਂ ਨਾਲ ਸੰਪਰਕ ਸਾਧਿਆ ਅਤੇ ਫਿਰ ਸਾਰੇ ਕੰਮ ਨੂੰ ਕਰਨ ਲਈ ਆਰਥਕ ਮਦਦ ਕੀਤੀ।
ਦੁਬਈ ਦੇ ਇਕ ਅਖ਼ਬਾਰ ਨੇ ਸਲਾਰੀਆ ਦੇ ਹਵਾਲੇ ਤੋਂ ਕਿਹਾ, "ਪੁਲਵਾਮਾ ਘਟਨਾ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਜਦੋਂ ਤਣਾਅ ਪੂਰੇ ਜ਼ੋਰ 'ਤੇ ਹੈ, ਅਜਿਹੇ ਸਮੇਂ ਅਸੀ ਇਨ੍ਹਾਂ ਗਰੀਬ ਪਿੰਡਾਂ 'ਚ ਨਲਕੇ ਲਗਵਾ ਰਹੇ ਸੀ।"
Dubai-Based Indian Man Installs Hand Pumps In Poor Pak District
ਪਾਕਿਸਤਾਨ ਦੇ ਇਕ ਸਮਾਜਕ ਕਾਰਕੁਨ ਨੇ ਦੱਸਿਆ ਕਿ ਇਸ ਪਿੰਡ ਦੀਆਂ ਸੜਕਾਂ ਵਧੀਆ ਨਹੀਂ ਹਨ। ਸਿਹਤ ਸਹੂਲਤਾਂ ਵੀ ਨਾ ਦੇ ਬਰਾਬਰ ਹਨ। ਇਲਾਜ ਲਈ 50 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ। ਸਕੂਲ ਦੀ ਹਾਲਤ ਵੀ ਬਹੁਤ ਮਾੜੀ ਹੈ।