
2750 ਟਨ ਅਮੋਨੀਅਮ ਨਾਈਟ੍ਰੇਟ 'ਚ ਹੋਇਆ ਧਮਾਕਾ, 250 ਕਿਲੋਮੀਟਰ ਤਕ ਕੰਬੀ ਧਰਤੀ
ਬੈਰੂਤ,5 ਅਗੱਸਤ : ਲੇਬਨਾਨ ਦੀ ਰਾਜਧਾਨੀ ਬੈਰੂਤ ਵਿਚ ਮੰਗਲਵਾਰ ਰਾਤ ਨੂੰ ਹੋਏ ਭਿਆਨਕ ਧਮਾਕੇ ਵਿਚ ਘੱਟੋ-ਘੱਟ 100 ਲੋਕਾਂ ਦੀ ਮੌਤ ਹੋ ਗਈ ਅਤੇ 4,000 ਤੋਂ ਵਧ ਲੋਕ ਜ਼ਖ਼ਮੀ ਹੋ ਗਏ। ਇਸ ਧਮਾਕੇ ਵਿਚ ਸ਼ਹਿਰ ਦੀ ਬੰਦਰਗਾਹ ਦਾ ਇਕ ਵੱਡਾ ਹਿੱਸਾ ਅਤੇ ਕਈ ਇਮਾਰਤਾਂ ਨੁਕਸਾਨੀਆਂ ਗਈਆਂ। ਲੇਬਨਾਲ ਰੋਡ ਕ੍ਰਾਸ ਦੇ ਅਧਿਕਾਰੀ ਜੌਰਜ ਕੇਥਾਨੇਹ ਨੇ ਦਸਿਆ ਕਿ ਇਸ ਧਮਾਕੇ ਵਿਚ ਘੱਟੋ-ਘੱਟ 100 ਲੋਕਾਂ ਦੀ ਜਾਨ ਚਲੀ ਗਈ ਅਤੇ ਤੇ 4000 ਤੋਂ ਵਧ ਲੋਕ ਜ਼ਖ਼ਮੀ ਹੋ ਗਏ। ਇਸ ਗਿਣਤੀ ਦੇ ਹਾਲੇ ਹੋਰ ਵਧਣ ਦਾ ਖਦਸ਼ਾ ਹੈ। ਜਰਮਨੀ ਦੇ ਜਿਓ ਸਾਈਂਸ ਕੇਂਦਰ 'ਜੀ.ਐੱਫ.ਜੈੱਡ.' ਮੁਤਾਬਕ ਧਮਾਕੇ ਨਾਲ 3.5 ਦੀ ਤੀਬਰਤਾ ਦਾ ਭੂਚਾਲ ਵੀ ਆਇਆ। ਧਕਾਮਾ ਇੰਨਾ ਭਿਆਨਕ ਸੀ ਕਿ ਉਸ ਦੀ ਆਵਾਜ਼ 250 ਕਿਲੋਮੀਟਰ ਤੋਂ ਵੱਧ ਦੂਰੀ ਤਕ ਸੁਣੀ ਗਈ। ਕੋਰੋਨਾ ਵਾਇਰਸ ਅਤੇ ਆਰਥਕ ਸੰਕਟ ਨਾਲ ਜੂਝ ਰਹੇ ਦੇਸ਼ ਵਿਚ ਧਮਾਕੇ ਦੇ ਬਾਅਦ ਇਕ ਨਵਾਂ ਸੰਕਟ ਖੜ੍ਹਾ ਹੋ ਗਿਆ ਹੈ।
File Photo
ਲੇਬਨਾਨ ਦੇ ਗ੍ਰਹਿ ਮੰਤਰੀ ਮੁਹੰਮਦ ਫਹਿਮੀ ਨੇ ਇਕ ਸਥਾਨਕ ਟੀਵੀ ਸਟੇਸ਼ਨ ਨੂੰ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਬੰਦਰਗਾਹ ਦੇ ਗੋਦਾਮ ਵਿਚ ਵੱਡੀ ਮਾਤਰਾ ਵਿਚ ਰੱਖੇ 2,750 ਟਨ ਅਮੋਨੀਅਮ ਨਾਈਟ੍ਰੇਟ ਵਿਚ ਧਮਾਕੇ ਨਾਲ ਇਹ ਹਾਦਸਾ ਵਾਪਰਿਆ। ਲੇਬਨਾਨ ਦੇ ਰਾਸ਼ਟਰਪਤੀ ਮਿਸ਼ੇਲ ਏਉਨ ਨੇ ਬੁਧਵਾਰ ਨੂੰ ਦੋ ਹਫ਼ਤਿਆਂ ਦੀ ਐਮਰਜੈਂਸੀ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਹਸਨ ਦਿਯਾਬ ਨੇ ਬੁਧਵਾਰ ਨੂੰ ਸੋਗ ਦਾ ਦਿਨ ਕਿਹਾ। ਬੇਰੁਤ ਦੇ ਗਵਰਨਰ ਮਾਰਵਾ ਏਬਾਡ ਨੇ ਕਿਹਾ ਕਿ ਧਮਾਕੇ ਦੇ ਬਾਅਦ ਸ਼ਹਿਰ ਦੇ ਤਿੰਨ ਲੱਖ ਲੋਕ ਬੇਘਰ ਹੋ ਗਏ। ਸਾਰਿਆਂ ਨੂੰ ਦੂਜੀਆਂ ਥਾਵਾਂ 'ਤੇ ਭੇਜਿਆ ਗਿਆ ਹੈ। ਧਮਾਕੇ ਕਾਰਨ ਲਗਭਗ 3 ਅਰਬ ਡਾਲਰ ਤੋਂ ਵਧ ਦਾ ਨੁਕਸਾਨ ਹੋਇਆ ਹੈ। ਬੰਦਰਗਾਰ ਤੋਂ ਹਾਲੇ ਵੀ ਧੂੰਆਂ ਨਿਕਲ ਰਿਹਾ ਹੈ। ਨੁਕਸਾਨੀਆਂ ਗਈਆਂ ਗੱਡੀਆਂ ਅਤੇ ਇਮਾਰਤਾਂ ਦਾ ਮਲਬਾ ਹਾਲੇ ਵੀ ਸੜਕਾਂ 'ਤੇ ਫੈਲਿਆ ਹੈ। ਹਸਪਤਾਲਾਂ ਦੇ ਬਾਹਰ ਲੋਕ ਅਪਣੇ ਪ੍ਰਵਾਰ ਵਾਲਿਆਂ ਦੇ ਬਾਰੇ ਵਿਚ ਜਾਨਣ ਲਈ ਇਕੱਠੇ ਹੋ ਗਏ ਹਨ। ਉੱਥੇ ਕਈ ਲੋਕਾਂ ਨੇ ਆਨਲਾਈਨ ਮਦਦ ਦੀ ਵੀ ਅਪੀਲ ਕੀਤੀ ਹੈ।
Donald Trump
ਇਹ ਧਮਾਕਾ ਨਹੀਂ, ਇਕ ਹਮਲਾ ਵੀ ਹੋ ਸਕਦਾ ਹੈ : ਟਰੰਪ- ਇਸ ਵਿਚਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਹ ਧਮਾਕਾ ਇਕ ਹਮਲਾ ਵੀ ਹੋ ਸਕਦਾ ਹੈ। ਟਰੰਪ ਨੇ ਕਿਹਾ, ''ਮੈਂ ਕੁਝ ਜਨਰਲਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਕਿਸੇ ਨਿਰਮਾਣ ਗਤੀਵਿਧੀ ਕਾਰਨ ਹੋਇਆ ਧਮਾਕਾ ਲਹੀਂ ਸੀ। ਉਨ੍ਹਾਂ ਨੂੰ ਲਗਦਾ ਹੈ ਕਿ ਇਹ ਇਕ ਹਮਲਾ ਸੀ। ਇਹ ਕੋਈ ਬੰਬ ਸੀ।'' ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਮਾਇਕ ਪੋਂਪਿਓ ਨੇ ਬੈਰੂਤ ਦੇ ਲੋਕਾਂ ਪ੍ਰਤੀ ''ਡੂੰਘਾ ਅਫ਼ਸੋਸ'' ਪ੍ਰਗਟਾਉਂਦੇ ਹੋਏ ਕਿਹਾ ਕਿ ਅਮਰੀਕਾ ਸਥਿਤੀ 'ਤੇ ਨੇੜੇਉ ਨਜ਼ਰ ਰਖ ਰਿਹਾ ਹੈ।