ਨਵੀਆਂ ਐਕਸਪ੍ਰੈੱਸ ਐਂਟਰੀ ਇਮੀਗ੍ਰੇਸ਼ਨ ਸ਼੍ਰੇਣੀਆਂ ਦਾ ਐਲਾਨ
- ਡਾਕਟਰਾਂ, ਖੋਜਕਰਤਾਵਾਂ ਤੇ ਮੈਨੇਜਰਾਂ ਨੂੰ ਤਰਜੀਹ, ਖੇਤੀ ਖੇਤਰ ਬਾਹਰ
ਔਟਵਾ : ਕੈਨੇਡਾ ਨੇ ਇਮੀਗ੍ਰੇਸ਼ਨ ਵਿਚ ਵੱਡੇ ਬਦਲਾਅ ਕੀਤੇ ਹਨ। ਦੇਸ਼ ਦੀ ਇਮੀਗ੍ਰੇਸ਼ਨ ਮੰਤਰੀ, ਲੀਨਾ ਮੇਟਲੇਜ ਡਾਇਬ ਨੇ 2026 ਲਈ ਨਵੀਆਂ ਐਕਸਪ੍ਰੈਸ ਐਂਟਰੀ ਇਮੀਗ੍ਰੇਸ਼ਨ ਸ਼੍ਰੇਣੀਆਂ ਦਾ ਐਲਾਨ ਕੀਤਾ ਹੈ। ਇਸ ਯੋਜਨਾ ਦਾ ਉਦੇਸ਼ ਹੁਨਰਮੰਦ ਕਾਮਿਆਂ ਲਈ ਸਥਾਈ ਨਾਗਰਿਕਤਾ ਦੇ ਰਸਤੇ ਨੂੰ ਸਰਲ ਬਣਾਉਣਾ ਹੈ ਤਾਂ ਜੋ ਦੇਸ਼ ਲਈ ਮਜ਼ਬੂਤ ਭਵਿੱਖ ਬਣਾਇਆ ਜਾ ਸਕੇ। ਇਮੀਗ੍ਰੇਸ਼ਨ ਮੰਤਰੀ ਡਾਇਬ ਨੇ ਹੁਨਰਮੰਦ ਵਿਦੇਸ਼ੀ ਫ਼ੌਜੀ ਭਰਤੀਆਂ, ਖੋਜਕਰਤਾਵਾਂ ਅਤੇ ਕੈਨੇਡੀਅਨ ਤਜਰਬੇ ਵਾਲੇ ਸੀਨੀਅਰ ਮੈਨੇਜਰਾਂ, ਟਰਾਂਸਪੋਰਟ-ਸੈਕਟਰ ਕਾਮਿਆਂ ਜਿਵੇਂ ਕਿ ਪਾਇਲਟ ਅਤੇ ਏਅਰਕ੍ਰਾਫਟ ਮਕੈਨਿਕ ਅਤੇ ਵਿਸ਼ੇਸ਼ਤਾਵਾਂ ਵਾਲੇ ਲੋਕਾਂ (ਜਿਵੇਂ ਕਿ ਡਾਕਟਰ, ਨਰਸਾਂ ਅਤੇ ਪਾਇਲਟ) ਲਈ ਮਿਥੀ ਐਕਸਪ੍ਰੈਸ ਐਂਟਰੀ ਮਾਰਗ ਜੋੜਨ ਦਾ ਵੀ ਐਲਾਨ ਕੀਤਾ।
ਕੈਨੇਡੀਅਨ ਸਰਕਾਰ ਦਾ ਤਰਕ ਹੈ ਕਿ ਇਹ ਬਦਲਾਅ ‘ਕਿਰਤ ਦੀ ਘਾਟ’ ਪੂਰਾ ਕਰਨ ਲਈ ਨਹੀਂ, ਸਗੋਂ ਰਣਨੀਤਕ ਲੀਡਰਸ਼ਿਪ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਹਨ। ਸਭ ਤੋਂ ਵੱਡਾ ਅਪਡੇਟ ਇਹ ਹੈ ਕਿ ਸਰਕਾਰ ਹੁਣ ਸਿਰਫ਼ ਸੀ.ਆਰ.ਐਸ. ਸਕੋਰਾਂ ਦੇ ਆਧਾਰ ’ਤੇ ਹੀ ਨਹੀਂ, ਸਗੋਂ ਵਿਸ਼ੇਸ਼ ਕਿੱਤਾਮੁਖੀ ਸ਼੍ਰੇਣੀਆਂ ਦੇ ਆਧਾਰ ’ਤੇ ਉਮੀਦਵਾਰਾਂ ਦੀ ਚੋਣ ਕਰ ਰਹੀ ਹੈ। 2026 ਲਈ ਐਲਾਨੀਆਂ ਗਈਆਂ ਨਵੀਆਂ ਐਕਸਪ੍ਰੈਸ ਐਂਟਰੀ ਸ਼੍ਰੇਣੀਆਂ ਡਾਕਟਰਾਂ, ਖੋਜਕਰਤਾਵਾਂ ਅਤੇ ਪ੍ਰਬੰਧਕਾਂ ਨੂੰ ਤਰਜੀਹ ਦਿੰਦੀਆਂ ਹਨ। ਇਸ ਦਾ ਮਤਲਬ ਹੈ ਕਿ ਕੈਨੇਡਾ ਵਿਚ ਕੰਮ ਕਰਨ ਵਾਲੇ ਵਿਦੇਸ਼ੀ ਡਾਕਟਰਾਂ ਅਤੇ ਸੀਨੀਅਰ ਮੈਨੇਜਰਾਂ ਲਈ ਸਥਾਈ ਨਿਵਾਸ ਦਾ ਰਸਤਾ ਹੁਣ ਆਸਾਨ ਬਣਾ ਦਿਤਾ ਗਿਆ ਹੈ।
ਇਕ ਹੋਰ ਵੱਡਾ ਬਦਲਾਅ ਇਹ ਹੈ ਕਿ ਖੇਤੀਬਾੜੀ ਖੇਤਰ-ਭੋਜਨ ਸ਼੍ਰੇਣੀਆਂ ਨੂੰ ਇਸ ਸੂਚੀ ਤੋਂ ਹਟਾ ਦਿਤਾ ਗਿਆ ਹੈ, ਜਿਸ ਨਾਲ ਰੱਖਿਆ ਮੁਹਾਰਤ ਵਾਲੇ ਲੋਕਾਂ ਲਈ ਦਰਵਾਜ਼ਾ ਖੁੱਲ੍ਹ ਗਿਆ ਹੈ। ਖੋਜਕਰਤਾਵਾਂ ਅਤੇ ਹਵਾਬਾਜ਼ੀ ਮਾਹਰਾਂ ਨੂੰ ਵੀ ਆਸਾਨੀ ਨਾਲ ਸਥਾਈ ਨਿਵਾਸ (ਪੀ.ਆਰ.) ਪ੍ਰਾਪਤ ਹੋ ਜਾਵੇਗਾ। ਇਹ ਕੈਨੇਡੀਅਨ ਆਰਮਡ ਫੋਰਸਿਜ਼ ਲਈ ਉੱਚ ਹੁਨਰਮੰਦ ਵਿਦੇਸ਼ੀ ਸੈਨਿਕਾਂ ਅਤੇ ਡਾਕਟਰਾਂ ਦੀ ਭਰਤੀ ਕਰਨਾ ਹੈ। ਰਿਪੋਰਟਾਂ ਅਨੁਸਾਰ ਨਵਿਆਏ ਗਏ ਵਰਗਾਂ ਲਈ ਘੱਟੋ-ਘੱਟ ਇਕ ਸਾਲ ਦਾ ਤਜਰਬਾ ਲਾਜ਼ਮੀ ਕਰ ਦਿਤਾ ਗਿਆ ਹੈ, ਜੋ ਕਿ ਪਹਿਲਾਂ ਛੇ ਮਹੀਨੇ ਸੀ। ਹੁਣ ਆਮ ਡਰਾਅ ਦੀ ਬਜਾਏ, ‘ਸ਼੍ਰੇਣੀ-ਅਧਾਰਤ’ ਡਰਾਅ ਕੱਢੇ ਜਾਣਗੇ, ਭਾਵ ਉਸ ਖੇਤਰ ਦੇ ਲੋਕਾਂ ਨੂੰ ਸੱਦਾ ਦਿਤਾ ਜਾਵੇਗਾ ਜਿੱਥੇ ਕਮੀ ਹੈ।
ਕੈਨੇਡੀਅਨ ਕੰਮ ਦੇ ਤਜਰਬੇ ਵਾਲੇ ਵਿਦੇਸ਼ੀ ਡਾਕਟਰਾਂ ਲਈ ਪਹਿਲਾ ਡਰਾਅ ਜਲਦੀ ਹੀ ਕੱਢਿਆ ਜਾਵੇਗਾ। ਸਰਕਾਰ ਦਾ ਉਦੇਸ਼ 1.7 ਅਰਬ ਡਾਲਰ ਦੇ ਨਿਵੇਸ਼ ਨਾਲ ਦੁਨੀਆ ਭਰ ਦੇ ਵਿਗਿਆਨੀਆਂ ਅਤੇ ਖੋਜਕਰਤਾਵਾਂ ਨੂੰ ਕੈਨੇਡਾ ਵਿਚ ਸਥਾਈ ਤੌਰ ’ਤੇ ਵਸਾਉਣਾ ਹੈ। ਭਾਰਤੀਆਂ ਲਈ ਚੰਗੀ ਖ਼ਬਰ ਇਹ ਹੈ ਕਿ ਇਹ ਤਬਦੀਲੀ ਸਾਫਟਵੇਅਰ ਇੰਜੀਨੀਅਰਾਂ ਅਤੇ ਸਾਈਬਰ ਸੁਰੱਖਿਆ ਮਾਹਰਾਂ ਦੀ ਮੰਗ ਵਧਾਏਗੀ ਜਾਂ ਘੱਟੋ-ਘੱਟ ਬਣਾਈ ਰੱਖੇਗੀ। ਇਸ ਤੋਂ ਇਲਾਵਾ ਜੇਕਰ ਤੁਸੀਂ ਫਰੈਂਚ ਜਾਣਦੇ ਹੋ ਤਾਂ ਪੀ.ਆਰ. ਪ੍ਰਾਪਤ ਕਰਨਾ ਸਭ ਤੋਂ ਆਸਾਨ ਹੋਵੇਗਾ, ਕਿਉਂਕਿ ਸਰਕਾਰ ਇਸ ਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਕਰ ਰਹੀ ਹੈ। ਰਸੋਈਏ ਨੂੰ ਵਪਾਰ ਸ਼੍ਰੇਣੀ ਤੋਂ ਹਟਾ ਦਿਤਾ ਗਿਆ ਹੈ, ਜਿਸ ਨਾਲ ਉਨ੍ਹਾਂ ਲਈ ਪੀ.ਆਰ. ਪ੍ਰਾਪਤ ਕਰਨਾ ਹੋਰ ਵੀ ਮੁਸ਼ਕਲ ਹੋ ਗਿਆ ਹੈ। ਭਾਰਤੀ ਵਿਦਿਆਰਥੀ ਜੋ ਕੈਨੇਡਾ ਵਿਚ ਪੜ੍ਹ ਰਹੇ ਹਨ ਅਤੇ ਪਹਿਲਾਂ ਹੀ ਰਸੋਈ ਦਾ ਤਜਰਬਾ ਹਾਸਲ ਕਰ ਚੁੱਕੇ ਹਨ, ਉਹ ਅਰਜ਼ੀ ਦੇ ਸਕਦੇ ਹਨ, ਪਰ ਕੱਟ-ਆਫ ਸਕੋਰ ਬਹੁਤ ਜ਼ਿਆਦਾ ਹੋਵੇਗਾ। ਤਰਖਾਣ, ਪਲੰਬਰ ਅਤੇ ਮਸ਼ੀਨ ਆਪਰੇਟਰਾਂ ਵਰਗੇ ਹੁਨਰਮੰਦ ਕਾਮਿਆਂ ਲਈ ਮੌਕੇ ਬਣੇ ਰਹਿਣਗੇ।
ਲੰਡਨ : ਭਾਰਤੀ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ
ਬਰਤਾਨੀਆ ਵਿਚ ਬਰਮਿੰਘਮ ਯੂਨੀਵਰਸਿਟੀ ਭਾਰਤੀਆਂ ਨੂੰ ਪੋਸਟ ਗ੍ਰੈਜੂਏਟ ਚਾਂਸਲਰ ਸਕਾਲਰਸ਼ਿਪ ਦੀ ਪੇਸ਼ਕਸ਼ ਕਰ ਰਹੀ ਹੈ ਅਤੇ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਸਕਾਲਰਸ਼ਿਪ ਮਾਸਟਰ ਡਿਗਰੀਆਂ ਲਈ ਉਪਲਬਧ ਹੈ। ਸਕਾਲਰਸ਼ਿਪ 10,000 ਪੌਂਡ ਪ੍ਰਦਾਨ ਕਰਦੀ ਹੈ, ਜਿਸ ਦੀ ਵਰਤੋਂ ਟਿਊਸ਼ਨ ਫ਼ੀਸਾਂ ਨੂੰ ਕਵਰ ਕਰਨ ਲਈ ਕੀਤੀ ਜਾ ਸਕਦੀ ਹੈ।
ਇਹ ਸਕਾਲਰਸ਼ਿਪ ਸਿਰਫ਼ ਸਤੰਬਰ 2026 ਦੇ ਦਾਖ਼ਲੇ ਲਈ ਉਪਲਬਧ ਹੈ। ਯੋਗਤਾ ਪੂਰੀ ਕਰਨ ਲਈ ਵਿਦਿਆਰਥੀਆਂ ਨੂੰ ਭਾਰਤੀ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਕੋਲ ਯੂਨੀਵਰਸਿਟੀ ਤੋਂ ਦਾਖ਼ਲਾ ਪੇਸ਼ਕਸ਼ ਪੱਤਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਲੋੜੀਂਦੀ ਜਮ੍ਹਾਂ ਰਕਮ ਦਾ ਭੁਗਤਾਨ ਕੀਤਾ ਹੋਣਾ ਚਾਹੀਦਾ ਹੈ ਅਤੇ ਇਹ ਸਾਬਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਕਿ ਉਹ ਬਾਕੀ ਰਕਮ ਅਤੇ ਅਪਣੀ ਪੜ੍ਹਾਈ ਦੀ ਲਾਗਤ ਨੂੰ ਪੂਰਾ ਕਰਨ ਦੇ ਯੋਗ ਹਨ। ਅਰਜ਼ੀਆਂ ਇਸ ਸਮੇਂ ਖੁੱਲ੍ਹੀਆਂ ਹਨ।
ਕੈਨੇਡਾ : ਪੰਜਾਬੀਆਂ ਲਈ ਵੱਡਾ ਸੰਕਟ, ਹੁਣ ਤਕ ਲੱਖਾਂ ਵਰਕ ਪਰਮਿਟ ਖ਼ਤਮ
ਕੈਨੇਡਾ ’ਚ ਲੱਖਾਂ ਅਸਥਾਈ ਨਿਵਾਸੀ, ਜਿਨ੍ਹਾਂ ’ਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ, 2025–26 ਵਿਚ ਵਰਕ ਪਰਮਿਟ ਖ਼ਤਮ ਹੋਣ ਕਾਰਨ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ। ਅੰਕੜਿਆਂ ਮੁਤਾਬਕ 2025 ਵਿਚ ਲਗਭਗ 10.5 ਲੱਖ ਪਰਮਿਟ ਖ਼ਤਮ ਹੋਏ, ਜਦਕਿ 2026 ਵਿਚ ਹੋਰ 9.27 ਲੱਖ ਪਰਮਿਟ ਮਿਆਦ ਪੂਰੀ ਕਰਨ ਵਾਲੇ ਹਨ। ਇਹ ਸਾਰਾ ਸੰਕਟ ਉਸ ਵੇਲੇ ਵੱਧ ਗਿਆ ਹੈ ਜਦੋਂ ਔਟਵਾ ਨੇ ਐਲਾਨ ਕੀਤਾ ਕਿ 2027 ਤਕ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਕੁਲ ਆਬਾਦੀ ਦੇ 7% ਤੋਂ ਘਟਾ ਕੇ 5% ਕੀਤਾ ਜਾਵੇਗਾ। ਇਸ ਨਾਲ ਸਥਾਈ ਨਿਵਾਸੀ ਬਣਨ ਦੇ ਰਸਤੇ ਹੋਰ ਤੰਗ ਹੋ ਜਾਣਗੇ। ਪੰਜਾਬੀਆਂ ਨੇ ਪਰਮਿਟ ਵਧਾਏ ਜਾਣ ਦੀ ਸਰਕਾਰ ਨੂੰ ਅਪੀਲ ਕੀਤੀ ਹੈ।
