
ਹੋਣ ਵਾਲੀ ਸਾਰੀ ਕਮਾਈ ਸਾਬਕਾ ਫ਼ੌਜੀਆਂ ਦੀ ਭਲਾਈ ਲਈ ਦਿਤੀ ਜਾਵੇਗੀ
ਨਿਊਯਾਰਕ: ਦੁਨੀਆਂ ਦੇ ਸਭ ਤੋਂ ਅਮੀਰ ਕਾਰੋਬਾਰੀਆਂ ’ਚੋਂ ਇਕ ਐਲੋਨ ਮਸਕ ਨੇ ਕਿਹਾ ਹੈ ਕਿ ਮਾਰਕ ਜ਼ੁਕਰਬਰਗ ਦੇ ਨਾਲ ਉਨ੍ਹਾਂ ਦੇ ਸੰਭਾਵਤ ਵਿਅਕਤੀਗਤ ਮੁਕਾਬਲੇ ਨੂੰ ਸੋਸ਼ਲ ਮੀਡੀਆ ਸਾਈਟ ਐਕਸ ’ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ। ਐਕਸ ਨੂੰ ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ, ਜਿਸ ਨੂੰ ਮਸਕ ਨੇ ਹਾਲ ਹੀ ’ਚ ਖਰੀਦਿਆ ਹੈ।
ਤਕਨੀਕੀ ਖੇਤਰ ਦੇ ਦੋਵੇਂ ਅਰਬਪਤੀ ਜੂਨ ਦੇ ਅਖੀਰ ’ਚ ਇਕ ਪਿੰਜਰਾ ਲੜਾਈ ਲੜਨ ਲਈ ਸਹਿਮਤ ਹੋਏ ਸਨ। ਜ਼ੁਕਰਬਰਗ ਅਸਲ ’ਚ ਮਿਕਸਡ ਮਾਰਸ਼ਲ ਆਰਟਸ ਵਿਚ ਸਿਖਲਾਈ ਪ੍ਰਾਪਤ ਹਨ। ਫੇਸਬੁੱਕ ਦੇ ਸੰਸਥਾਪਕ ਨੇ ਇਸ ਸਾਲ ਦੇ ਸ਼ੁਰੂ ’ਚ ਅਪਣਾ ਪਹਿਲਾ ਜਿਉ ਜਿਤਸੂ (ਜਾਪਾਨੀ ਮਾਰਸ਼ਲ ਆਰਟਸ) ਮੁਕਾਬਲਾ ਪੂਰਾ ਕਰਨ ਬਾਰੇ ਪੋਸਟ ਕੀਤਾ ਸੀ।
ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਲਿਖਿਆ, ‘‘ਜ਼ੁਕਰਬਰਗ ਬਨਾਮ ਮਸਕ ਮੈਚ ਐਕਸ ’ਤੇ ਲਾਈਵ ਪ੍ਰਸਾਰਿਤ ਕੀਤਾ ਜਾਵੇਗਾ। ਇਸ ਤੋਂ ਹੋਣ ਵਾਲੀ ਸਾਰੀ ਕਮਾਈ ਸਾਬਕਾ ਫ਼ੌਜੀਆਂ ਦੀ ਭਲਾਈ ਲਈ ਦਿਤੀ ਜਾਵੇਗੀ।’’ ਮਸਕ ਨੇ ਇਸ ਤੋਂ ਪਹਿਲਾਂ ਐਤਵਾਰ ਨੂੰ ਕਿਹਾ ਸੀ ਕਿ ਉਹ ਭਾਰ ਚੁੱਕ ਕੇ ਮੈਚ ਦੀ ਤਿਆਰੀ ਕਰ ਰਹੇ ਹਨ।
ਮਸਕ ਅਤੇ ਜ਼ੁਕਰਬਰਗ ‘ਰਿੰਗ’ ’ਚ ਆਉਣਗੇ ਜਾਂ ਨਹੀਂ, ਇਹ ਵੇਖਣਾ ਅਜੇ ਬਾਕੀ ਹੈ। ਪਰ ਜੇ ਪਿੰਜਰੇ ’ਚ ਲੜੀ ਜਾਣ ਵਾਲੀ ਲੜਾਈ ਸਿਰਫ਼ ਇਕ ਮਜ਼ਾਕ ਹੈ, ਤਾਂ ਵੀ ਇਸ ਨੇ ਬਹੁਤ ਲੋਕਾਂ ਦਾ ਧਿਆਨ ਖਿੱਚਿਆ ਹੈ।
ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਮਸਕ, ਜੋ ਕਿ X ਦਾ ਮਾਲਕ ਹੈ, ਨੇ ‘ਥ੍ਰੈਡਸ’ ਨਾਮਕ ਇਕ ਨਵਾਂ ਟਵਿੱਟਰ ਵਿਰੋਧੀ ਲਾਂਚ ਕਰਨ ਬਾਰੇ ਮੈਟਾ (ਫੇਸਬੁੱਕ ਦੀ ਮਾਲਕੀ ਵਾਲੀ ਕੰਪਨੀ) ਵਲੋਂ ਇਕ ਟਵੀਟ ਦਾ ਜਵਾਬ ਦਿਤਾ। ਮਸਕ ਨੇ ਕੋਈ ਬਦਲ ਨਾ ਹੋਣ ਨੂੰ ਵੇਖਦਿਆਂ ਵਿਸ਼ਵ ਦੇ - ਵਿਸ਼ੇਸ਼ ਰੂਪ ’ਚ ਜ਼ੁਕਰਬਰਗ ਦੇ ਅਧੀਨ ਹੁੰਦੇ ਚਲੇ ਜਾਣ ’ਤੇ ਨਾਖ਼ੁਸ਼ੀ ਪ੍ਰਗਟ ਕੀਤੀ ਸੀ, ਪਰ ਇਸ ਦੌਰਾਨ ਇਕ ਟਿਊਟਰ ਪ੍ਰਯੋਗਕਰਤਾ ਨੇ ਮਜ਼ਾਕ ’ਚ ਮਸਕ ਨੂੰ ਜ਼ੁਕਰਬਰਗ ਦੀ ਜੀਯੂ ਜਿਤਸੂ ਸਿਖਲਾਈ ਬਾਰੇ ਚੇਤਾਵਨੀ ਦਿਤੀ ਸੀ।
ਮਸਕ ਨੇ ਮੰਗਲਵਾਰ ਨੂੰ ਟਵੀਟ ਕੀਤਾ, ‘‘ਜੇ ਅਜਿਹਾ ਹੈ, ਤਾਂ ਮੈਂ ਜ਼ੁਕਰਬਰਗ ਨਾਲ ਪਿੰਜਰਾ ਲੜਾਈ ਕਰਨ ਲਈ ਤਿਆਰ ਹਾਂ।’’ ਇਸ ਤੋਂ ਬਾਅਦ ਜ਼ੁਕਰਬਰਗ ਨੇ ਵੀ ਮਸਕ ਦੇ ਟਵੀਟ ਦਾ ਸਕ੍ਰੀਨਸ਼ਾਟ ਪੋਸਟ ਕਰ ਕੇ ਲਿਖਿਆ ਸੀ, ‘‘ਮੈਨੂੰ ਥਾਂ ਦੱਸ।’’