
ਪੁਲਿਸ ਅਨੁਸ਼ਾਸਨੀ ਪੈਨਲ ਦੇ ਸਾਹਮਣੇ ਦੋਸ਼ ਸਾਬਤ ਨਹੀਂ ਹੋਏ
ਲੰਡਨ: ਉੱਤਰੀ ਇੰਗਲੈਂਡ ਦੇ ਇਕ ਵੈਸਟ ਮਿਡਲੈਂਡਜ਼ ਪੁਲਿਸ ਸਾਰਜੈਂਟ ਨੂੰ ਹਿਰਾਸਤ ’ਚ ਇਕ ਸਿੱਖ ਵਿਅਕਤੀ ਨਾਲ ਘੋਰ ਦੁਰਵਿਵਹਾਰ ਕਰਨ ਦੇ ਦੋਸ਼ਾਂ ਤੋਂ ਮੁਕਤ ਕਰ ਦਿਤਾ ਗਿਆ ਹੈ। ਇਹ ਫ਼ੈਸਲਾ ਇੰਡੀਪੈਂਡੈਂਟ ਆਫਿਸ ਫਾਰ ਪੁਲਿਸ ਕੰਡਕਟ (ਆਈ.ਓ.ਪੀ.ਸੀ.) ਵਲੋਂ ਜਾਂਚ ਤੋਂ ਬਾਅਦ ਆਇਆ ਹੈ। ਰਣਦੀਪ ਸਿੰਘ ਕੁਲਾਰ ਨੇ ਸ਼ਿਕਾਇਤ ਕੀਤੀ ਸੀ ਕਿ ਬਰਮਿੰਘਮ ’ਚ ਪੈਰੀ ਬਾਰ ਹਿਰਾਸਤ ਕੇਸ ’ਚ ਉਸ ਵਲੋਂ ਸਿਰ ਢਕਣ ਲਈ ਪ੍ਰਯੋਗ ਕੀਤੇ ਪਟਕੇ ਨੂੰ ਜ਼ਬਰਦਸਤੀ ਲਾਹ ਦਿਤਾ ਗਿਆ ਸੀ, ਜਿਸ ਕਾਰਨ ਉਹ ਸਦਮੇ ਵਿਚ ਸੀ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਅਕਤੂਬਰ 2021 ਦੀ ਘਟਨਾ ਦੌਰਾਨ ਉਸ ਨਾਲ ਜਿਸ ਤਰ੍ਹਾਂ ਦਾ ਅਪਮਾਨਜਨਕ ਵਤੀਰਾ ਕੀਤਾ ਗਿਆ ਸੀ ਉਹ ਨਸਲੀ ਵਿਤਕਰਾ ਸੀ।
ਇਹ ਵੀ ਪੜ੍ਹੋ: ਹੋਣਹਾਰ ਬਾਈਕ ਰਾਈਡਰ ਸ਼੍ਰੇਅਸ ਹਰੀਸ਼ ਦਾ ਦੇਹਾਂਤ
ਵੈਸਟ ਮਿਡਲੈਂਡਜ਼ ਲਈ ਆਈ.ਓ.ਪੀ.ਸੀ. ਦੇ ਖੇਤਰੀ ਨਿਰਦੇਸ਼ਕ ਡੈਰਿਕ ਕੈਂਪਬੈਲ ਨੇ ਕਿਹਾ, ‘‘ਸਾਡਾ ਕੰਮ ਪੁਲਿਸ ਦੀ ਸ਼ਮੂਲੀਅਤ ਵਾਲੀਆਂ ਘਟਨਾਵਾਂ ਦੀ ਜਾਂਚ ਕਰਨਾ ਹੈ ਜਿਨ੍ਹਾਂ ਦਾ ਸਿੱਖਾਂ ’ਤੇ ਵੱਡਾ ਅਸਰ ਪੈਂਦਾ ਹੈ। ਇਹ ਮਾਮਲਾ ਸਥਾਨਕ ਅਸ਼ਾਂਤੀ ਦਾ ਕਾਰਨ ਬਣਿਆ, ਅਤੇ ਅਸੀਂ ਕੁਝ ਸ਼ੁਰੂਆਤੀ ਰੀਪੋਰਟਾਂ ਦੇ ਉਲਟ ਇਹ ਵੇਖਿਆ ਕਿ ਵਿਅਕਤੀ ਦੇ ਸਿਰ ਨੂੰ ਢਕਣ ਲਈ ਪ੍ਰਯੋਗ ਪਟਕੇ ਨੂੰ ਪੈਰਾਂ ਹੇਠ ਨਹੀਂ ਰੋਲਿਆ ਗਿਆ ਸੀ।’’ ਪਿਛਲੇ ਦਿਨੀਂ ਮੀਡੀਆ ’ਚ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਰਣਦੀਪ ਸਿੰਘ ਕੁਲਾਰ ਨਾਲ ਹਿਰਾਸਤ ਦੌਰਾਨ ਹੱਥੋਪਾਈ ਕੀਤੀ ਗਈ ਸੀ ਅਤੇ ਉਸ ਦੀ ਪੱਗ ਉਤਾਰ ਕੇ ਪੈਰਾਂ ’ਚ ਰੋਲੀ ਗਈ।
ਉਨ੍ਹਾਂ ਕਿਹਾ, ‘‘ਅਸੀਂ ਡੂੰਘਾਈ ਨਾਲ ਜਾਂਚ ਕੀਤੀ ਅਤੇ ਇਕੱਠੇ ਕੀਤੇ ਸਬੂਤਾਂ ਤੋਂ ਇਹ ਸਾਡੀ ਰਾਏ ਸੀ ਕਿ ਇਕ ਅਧਿਕਾਰੀ ਵਿਰੁਧ ਘੋਰ ਦੁਰਵਿਹਾਰ ਦਾ ਕੇਸ ਬਣਦਾ ਹੈ। ਉਸ ਸਬੂਤ ਨੂੰ ਹੁਣ ਪੁਲਿਸ ਅਨੁਸ਼ਾਸਨੀ ਪੈਨਲ ਦੇ ਸਾਹਮਣੇ ਸੁਣਿਆ ਗਿਆ ਹੈ ਜਿਸ ਨੇ ਪਾਇਆ ਕਿ ਦੋਸ਼ ਸਾਬਤ ਨਹੀਂ ਹੋਏ।’’ ਕਾਨੂੰਨੀ ਤੌਰ ’ਤੇ ਯੋਗਤਾ ਪ੍ਰਾਪਤ ਚੇਅਰ ਦੀ ਅਗਵਾਈ ਵਾਲੇ ਇਕ ਸੁਤੰਤਰ ਪੈਨਲ ਦੇ ਸਾਹਮਣੇ ਇਸ ਹਫ਼ਤੇ ਦੇ ਸ਼ੁਰੂ ਵਿਚ ਦੋ ਦਿਨਾਂ ਦੀ ਸੁਣਵਾਈ ਤੋਂ ਬਾਅਦ ਵੇਖਿਆ ਗਿਆ ਕਿ ਪਟਕੇ ਨੂੰ ਉਤਾਰਨ ਵਾਲੇ ਸਾਰਜੈਂਟ ਵਲੋਂ ਅਥਾਰਟੀ, ਸਤਿਕਾਰ ਅਤੇ ਸ਼ਿਸ਼ਟਾਚਾਰ, ਤਾਕਤ ਦੀ ਵਰਤੋਂ ਅਤੇ ਸਮਾਨਤਾ ਤੇ ਵੰਨ-ਸੁਵੰਨਤਾ ਬਾਰੇ ਪੁਲਿਸ ਪੇਸ਼ੇਵਰ ਮਾਪਦੰਡਾਂ ਦੀ ਉਲੰਘਣਾ ਨਹੀਂ ਕੀਤੀ ਸੀ।
ਇਹ ਵੀ ਪੜ੍ਹੋ: ’ਵਰਸਿਟੀਆਂ ’ਚ ਐੱਸ.ਸੀ., ਐੱਸ.ਟੀ. ਵਿਦਿਆਰਥੀਆਂ ਨਾਲ ਵਿਤਕਰੇ ਨੂੰ ਰੋਕਣ ਲਈ ਮਾਹਰਾਂ ਦੀ ਕਮੇਟੀ ਦਾ ਗਠਨ
ਇਲਜ਼ਾਮ, ਵੇਲੇ ਦੇ ਹਾਲਾਤ ਨਾਲ ਨਜਿੱਠਣ ਅਤੇ ਆਦਮੀ ਦੇ ਪਟਕੇ ਨੂੰ ਉਤਾਰਨ ਨਾਲ ਸਬੰਧਤ ਸਨ। ਪੈਨਲ ਨੇ ਇਹ ਵੀ ਹੁਕਮ ਦਿਤਾ ਕਿ ਵੈਸਟ ਮਿਡਲੈਂਡਜ਼ ਪੁਲਿਸ ਵਲੋਂ ਕੀਤੀਆਂ ਕਾਰਵਾਈਆਂ ਦੀਆਂ ਕਿਸੇ ਵੀ ਰੀਪੋਰਟਾਂ ’ਚ ਅਧਿਕਾਰੀ ਦਾ ਨਾਂ ਨਹੀਂ ਲਿਆ ਜਾਣਾ ਚਾਹੀਦਾ। ਕੇਸ ’ਚ ਪੁਲਿਸ ਅਫ਼ਸਰ ਦੀ ਪ੍ਰਤੀਨਿਧਗੀ ਕਰਨ ਵਾਲੇ ਹਰਪ੍ਰੀਤ ਸੰਧੂ ਕੇ.ਸੀ. ਨੇ ਕਿਹਾ ਸੀ ਕਿ ਰਣਦੀਪ ਸਿੰਘ ਕੁਲਾਰ ਪੂਰਾ ਸੱਚ ਨਹੀਂ ਬਿਆਨ ਕਰ ਰਿਹਾ ਹੈ। ਉਨ੍ਹਾਂ ਕਿਹਾ ਸੀ, ‘‘ਸੀ.ਸੀ.ਟੀ.ਵੀ. ਫ਼ੁਟੇਜ ਤੋਂ ਸਾਫ਼ ਹੈ ਕਿ ਪੱਗ ਜ਼ਬਰਦਸਤੀ ਉਤਾਰੀ ਗਈ ਸੀ ਪਰ ਇਸ ਨੂੰ ਪੈਰਾਂ ਹੇਠ ਨਹੀਂ ਰੋਲਿਆ ਗਿਆ।
ਰਣਦੀਪ ਸਿੰਘ ਕੁਲਾਰ ਨੇ ਜੇਕਰ ਪੁਲਿਸ ਵਾਲਿਆਂ ਤੋਂ ਕੰਘੀ ਅਤੇ ਸ਼ੀਸ਼ੇ ਦੀ ਮੰਗ ਕੀਤੀ ਹੁੰਦੀ ਤਾਂ ਉਸ ਨੂੰ ਜ਼ਰੂਰ ਦਿਤਾ ਜਾਂਦਾ।’’ ਉਨ੍ਹਾਂ ਨੇ ਮਈ 2017 ਦੇ ਇਕ ਕੇਸ ਦਾ ਵੀ ਹਵਾਲਾ ਦਿਤਾ ਜਦੋਂ ਕੁਲਾਰ ਕੰਘੀ ਅਤੇ ਸ਼ੀਸ਼ਾ ਦਿਤੇ ਜਾਣ ਤੋਂ ਬਾਅਦ ਤਲਾਸ਼ੀ ਲਈ ਅਪਣੀ ਪੱਗ ਉਤਾਰਨ ਲਈ ਤਿਆਰ ਹੋ ਗਿਆ ਸੀ। ਉਨ੍ਹਾਂ ਕਿਹਾ, ‘‘ਇਸ ਤਰ੍ਹਾਂ ਇਹ ਵੀ ਗ਼ਲਤ ਬਿਆਨ ਹੈ ਕਿ ਤੁਹਾਨੂੰ ਕਦੇ ਹਿਰਾਸਤ ਦੌਰਾਨ ਅਪਣੀ ਪੱਗ ਨਹੀਂ ਉਤਾਰਨੀ ਪਈ।’’