
ਪ੍ਰਧਾਨ ਮੰਤਰੀ ਹਾਨ ਡੂਕ ਸੂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਕੱਢਣ ਦੇ ਨਿਰਦੇਸ਼ ਦਿੱਤੇ ਹਨ।
ਸਿਓਲ: ਦੱਖਣੀ ਕੋਰੀਆ ਦੇ ਦੱਖਣੀ ਖੇਤਰ ਵਿਚ ਆਏ ਭਿਆਨਕ ਚੱਕਰਵਾਤ ਕਾਰਨ ਪਏ ਭਿਆਨਕ ਮੀਂਹ ਕਾਰਨ ਸੜਕਾਂ ਤਬਾਹ ਹੋ ਗਈਆਂ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਦੇ ਚਲਦਿਆਂ 66,000 ਘਰਾਂ ਦੀ ਬਿਜਲੀ ਚਲੀ ਗਈ ਹੈ। ਇਸ ਦੇ ਨਾਲ ਹਜ਼ਾਰਾਂ ਲੋਕ ਚੱਕਰਵਾਤ 'ਹਿਨਾਮਨੋਰ' ਤੋਂ ਬਚਣ ਲਈ ਸੁਰੱਖਿਅਤ ਥਾਵਾਂ 'ਤੇ ਚਲੇ ਗਏ ਹਨ।
ਚੱਕਰਵਾਤ ਕਾਰਨ 133 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ ਅਤੇ ਜੇਜੂ ਟਾਪੂ ਵਿਚ ਭਾਰੀ ਤਬਾਹੀ ਹੋਈ ਹੈ। ਇਸ ਤੋਂ ਬਾਅਦ ਚੱਕਰਵਾਤ ਉੱਤਰ-ਪੂਰਬ ਵੱਲ ਵਧਿਆ, ਜਿਸ ਕਾਰਨ ਆਉਣ ਵਾਲੇ ਦਿਨਾਂ 'ਚ ਇਸ ਦਾ ਅਸਰ ਪੂਰਬੀ ਚੀਨ 'ਚ ਦੇਖਣ ਨੂੰ ਮਿਲੇਗਾ। ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਹੜ੍ਹ, ਜ਼ਮੀਨ ਖਿਸਕਣ ਅਤੇ ਉੱਚ ਸਮੁੰਦਰੀ ਲਹਿਰਾਂ ਦੀ ਚਿਤਾਵਨੀ ਜਾਰੀ ਕੀਤੀ ਹੈ।
ਚੱਕਰਵਾਤ ਕਾਰਨ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਹਾਨ ਡੂਕ ਸੂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਕੱਢਣ ਦੇ ਨਿਰਦੇਸ਼ ਦਿੱਤੇ ਹਨ। ਉਹਨਾਂ ਕਿਹਾ ਕਿ ‘'ਹਿਨਾਮਨੋਰ' ਵਰਗਾ ਤੂਫ਼ਾਨ ਇਤਿਹਾਸ ਵਿਚ ਕਦੇ ਨਹੀਂ ਆਇਆ। ਉਧਰ ਫੋਹਾਂਗ ਵਿਚ ਪੋਸਕੋ ਦੁਆਰਾ ਸੰਚਾਲਿਤ ਇਕ ਵਿਸ਼ਾਲ ਸਟੀਲ ਪਲਾਂਟ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ ਪਰ ਇਹ ਸਪੱਸ਼ਟ ਨਹੀਂ ਹੈ ਕਿ ਅੱਗ ਚੱਕਰਵਾਤ ਕਾਰਨ ਲੱਗੀ ਸੀ ਜਾਂ ਨਹੀਂ।