
ਅਮਰੀਕਾ ’ਚ ਪ੍ਰਮਾਣੂ ਹਥਿਆਰਾਂ ਦੇ ਜ਼ਮੀਨਦੋਜ਼ ਤਜਰਬੇ ਨਾਲ ਵਾਪਰ ਸਕਦੀ ਹੈ ਅਣਹੋਣੀ : ਵਿਗਿਆਨੀ
ਮਾਸਕੋ (ਰੂਸ)/ਰੇਨੋ (ਅਮਰੀਕਾ): ਕੀ ਪ੍ਰਮਾਣੂ ਹਥਿਆਰਾਂ ਦੀ ਦੌੜ ਇਕ ਵਾਰੀ ਫਿਰ ਸ਼ੁਰੂ ਹੋ ਰਹੀ ਹੈ? ਜੇਕਰ ਦੁਨੀਆਂ ਦੀਆਂ ਦੋ ਵੱਡੀਆਂ ਪ੍ਰਮਾਣੂ ਤਾਕਤਾਂ ਦੇ ਇਕੋ ਦਿਨ ਆਏ ਦੋ ਬਿਆਨਾਂ ’ਤੇ ਨਜ਼ਰ ਮਾਰੀਏ ਤਾਂ ਕੁਝ ਅਜਿਹਾ ਹੀ ਲਗਦਾ ਹੈ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਨੇ ਇਕ ਪ੍ਰਯੋਗ ਅਧੀਨ ਪ੍ਰਮਾਣੂ ਕਰੂਜ਼ ਮਿਜ਼ਾਈਲ ਦਾ ਸਫ਼ਲ ਤਜਰਬਾ ਕੀਤਾ ਹੈ ਅਤੇ ਇਹ ਚੇਤਾਵਨੀ ਵੀ ਦਿਤੀ ਹੈ ਕਿ ਦੇਸ਼ ਦੀ ਸੰਸਦ ਪ੍ਰਮਾਣੂ ਤਜਰਬਿਆਂ ’ਤੇ ਪਾਬੰਦੀ ਲਾਉਣ ਵਾਲੇ ਕਰਾਰ ਨੂੰ ਰੱਦ ਕਰ ਸਕਦੀ ਹੈ।
ਉਧਰ ਅਮਰੀਕਾ ਨੇ ਵੀ ਅੱਜ ਐਲਾਨ ਕੀਤਾ ਹੈ ਕਿ ਉਸ ਦੇ ਦੇਸ਼ ’ਚ ਪ੍ਰਮਾਣੂ ਹਥਿਆਰਾਂ ਦਾ ਭੰਡਾਰ ਹੈ ਅਤੇ ਇਹ ਹਥਿਆਰ ਕਈ ਸਾਲ ਪੁਰਾਣੇ ਹਨ, ਇਸ ਲਈ ਹੁਣ ਅਗਲੇ ਸਾਲ ਨੇਵਾਦਾ ਦੇ ਰੇਗਿਸਤਾਨ ’ਚ ਇਹ ਪਤਾ ਕਰਨ ਲਈ ਇਨ੍ਹਾਂ ਦਾ ਤਜਰਬਾ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਕੀ ਜ਼ਰੂਰਤ ਪੈਣ ’ਤੇ ਇਹ ਕੰਮ ਆਉਣਗੇ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਹਥਿਆਰਾਂ ਦੇ ਜ਼ਮੀਨਦੋਜ਼ ਤਜਰਬੇ ਨਾਲ ਕੋਈ ਵੀ ਭਿਆਨਕ ਅਣਹੋਣੀ ਹੋਣ ਦਾ ਖ਼ਤਰਾ ਹੈ।
ਇਸ ਤੋਂ ਪਹਿਲਾਂ ਵਿਦੇਸ਼ ਨੀਤੀ ਮਾਹਰਾਂ ਦੇ ਮੰਚ ’ਤੇ ਅਪਣੇ ਸੰਬੋਧਨ ’ਚ ਪੁਤਿਨ ਨੇ ਐਲਾਨ ਕੀਤਾ ਸੀ ਕਿ ਰੂਸ ਨੇ ਬੁਰੇਵੇਸਤਨਿਕ ਕਰੂਜ਼ ਮਿਜ਼ਾਈਲ ਅਤੇ ਸਰਮਾਤ ਭਾਰੀ ਅੰਤਰਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਦਾ ਨਿਰਮਾਣ ਕਾਰਜ ਅਸਰਦਾਰ ਤਰੀਕੇ ਨਾਲ ਪੂਰਾ ਕੀਤਾ ਹੈ ਅਤੇ ਇਨ੍ਹਾਂ ਦਾ ਉਤਪਾਦਨ ਕਰੇਗਾ।
ਉਨ੍ਹਾਂ ਨੇ ਬਗ਼ੈਰ ਕਿਸੇ ਵਿਸਤ੍ਰਿਤ ਜਾਣਕਾਰੀ ਦਿਤੇ ਕਿਹਾ, ‘‘ਅਸੀਂ ਬੁਰੇਵੇਸਤਨਿਕ ਪ੍ਰਮਾਣੂ ਕੌਮਾਂਤਰੀ ਰੇਂਜ ਕਰੂਜ਼ ਮਿਜ਼ਾਈਲ ਦਾ ਆਖ਼ਰੀ ਸਫ਼ਲ ਤਜਰਬਾ ਕੀਤਾ।’’ ਅਪਣੇ ਬਿਆਨ ’ਚ ਪਹਿਲੀ ਵਾਰੀ ਉਨ੍ਹਾਂ ਨੇ ਬੁਰੇਵੇਸਤਨਿਕ ਦੇ ਸਫ਼ਲ ਤਜਰਬੇ ਦਾ ਐਲਾਨ ਕੀਤਾ। ‘ਬੁਰੇਵੇਸਤਨਿਕ’ ਦਾ ਸ਼ਾਬਦਿਕ ਅਰਥ ‘ਤੂਫ਼ਾਨੀ ਲੜਾਕਾ’ ਹੈ। ਪੁਤਿਨ ਨੇ ਪਹਿਲੀ ਵਾਰੀ 2018 ’ਚ ਇਸ ਦਾ ਜ਼ਿਕਰ ਕੀਤਾ ਸੀ।
ਮੰਨਿਆ ਜਾਂਦਾ ਹੈ ਕਿ ਇਹ ਪ੍ਰਮਾਣੂ ਹਥਿਆਰ ਜਾਂ ਰਵਾਇਤੀ ਹਥਿਆਰ ਲੈ ਕੇ ਜਾਣ ’ਚ ਸਮਰੱਥ ਹੈ ਅਤੇ ਇਹ ਸੰਭਾਵਤ ਰੂਪ ’ਚ ਹੋਰ ਮਿਜ਼ਾਈਲਾਂ ਮੁਕਾਬਲੇ ਵੱਧ ਸਮੇਂ ਤਕ ਉੱਪਰ ਰਹਿ ਸਕਦਾ ਹੈ ਅਤੇ ਪ੍ਰਮਾਣੂ ਬਾਲਣ ਕਾਰਨ ਬਹੁਤ ਵੱਧ ਦੂਰੀ ਤੈਅ ਕਰ ਸਕਦਾ ਹੈ।
ਉਧਰ ਅਮਰੀਕਾ ’ਚ ਊਰਜਾ ਵਿਭਾਗ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਬਗ਼ੈਰ ਕੋਈ ਵੱਡਾ ਪ੍ਰਮਾਣੂ ਧਮਾਕਾ ਕੀਤੇ ਇਨ੍ਹਾਂ ਹਥਿਆਰਾਂ ਦਾ ਤਜਰਬਾ ਕਰਨ ਦੀ ਤਿਆਰੀ ’ਚ ਕਰ ਰਹੇ ਹਨ। ਕੌਮੀ ਰਖਿਆ ਪ੍ਰਯੋਗਸ਼ਾਲਾਵਾਂ ਦੇ ਮਾਹਰ 1992 ’ਚ ਜ਼ਮੀਨਦੋਜ਼ ਤਜਰਬੇ ’ਤੇ ਪਾਬੰਦੀ ਤੋਂ ਬਾਅਦ ਪ੍ਰਮਾਣੂ ਹਥਿਆਰਾਂ ਦੇ ਅਸਰਦਾਰ ਹੋਣ ਅਤੇ ਭਰੋਸੇਯੋਗ ਹੋਣ ਦੀ ਪੁਸ਼ਟੀ ਨਹੀਂ ਕਰ ਸਕੇ ਹਨ। ਇਸ ਤਜਰਬੇ ਦਾ ਮਕਸਦ ਉਨ੍ਹਾਂ ਅਹਿਮ ਸਵਾਲਾਂ ਦਾ ਜਵਾਬ ਦੇਣਾ ਹੈ ਕਿ ਕੀ ਦੇਸ਼ ਦੇ ਪੁਰਾਣੇ ਪ੍ਰਮਾਣੂ ਹਥਿਆਰ ਅਜੇ ਵੀ ਕੰਮ ਦੇ ਹਨ।
ਸ਼ੀਤ ਜੰਗ ਦੌਰਾਨ ਅਸਲ ’ਚ ਪ੍ਰਮਾਣੂ ਧਮਾਕੇ ਕਰ ਕੇ ਇਨ੍ਹਾਂ ਸਵਾਲਾਂ ਦਾ ਜਵਾਬ ਦਿਤਾ ਗਿਆ ਸੀ। 1950 ਅਤੇ 1960 ਦੇ ਦਹਾਕੇ ’ਚ ਨਿਊ ਮੈਕਸੀਕੋ ਅਤੇ ਨੇਵਾਦਾ ਦੇ ਰੇਗਿਸਤਾਨ ’ਚ ਧਮਾਕੇ ਕੀਤੇ ਗਏ। ਬਾਅਦ ’ਚ ਤਜਰਬੇ ਨੂੰ ਜ਼ਮੀਨਦੋਜ਼ ਧਮਾਕੇ ਤਕ ਸੀਮਤ ਕਰ ਦਿਤਾ ਗਿਆ ਅਤੇ 1992 ’ਚ ਇਹ ਬੰਦ ਵੀ ਕਰ ਦਿਤਾ ਗਿਆ।
ਊਰਜਾ ਵਿਭਾਗ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ 10 ਸਾਲਾਂ ਦੇ ਕੰਮ ਤੋਂ ਬਾਅਦ ਤਜਰਬੇ ਦੇ ਤਰੀਕੇ ਨੂੰ ਆਧੁਨਿਕ ਬਣਾਇਆ ਗਿਆ ਹੈ ਜਿਸ ਲਈ ਨਿਊ ਮੈਕਸੀਕੋ ਦੀ ਸੈਂਡੀਆ ਕੌਮੀ ਪ੍ਰਯੋਗਸ਼ਾਲਾ ’ਚ ਮੁਲਾਜ਼ਮਾਂ ਨੇ ਪ੍ਰਮਾਣੂ ਹਥਿਆਰਾਂ ਦੇ ਸੰਦਾਂ ਨੂੰ ਜੋੜਨਾ ਸ਼ੁਰੂ ਕਰ ਦਿਤਾ ਹੈ। ਕੁਝ ਹੋਰ ਪ੍ਰਯੋਗਸ਼ਾਲਾਵਾਂ ਦੀ ਇਸ ’ਚ ਭੂਮਿਕਾ ਨਿਭਾਉਣਗੀਆਂ।