ਭਾਰਤੀ-ਅਮਰੀਕੀ ਵਕੀਲ ਸੁਹਾਸ ਸੁਬਰਾਮਨੀਅਮ ਵਰਜੀਨੀਆ ਅਤੇ ਪੂਰੇ ਈਸਟ ਕੋਸਟ ਤੋਂ ਚੁਣੇ ਜਾਣ ਵਾਲੇ ਭਾਈਚਾਰੇ ਦੇ ਪਹਿਲੇ ਵਿਅਕਤੀ ਬਣ ਗਏ ਹਨ।
ਵਾਸ਼ਿੰਗਟਨ, 6 ਨਵੰਬਰ : ਪ੍ਰਤੀਨਿਧੀ ਸਭਾ ਦੀਆਂ ਚੋਣਾਂ ’ਚ 6 ਭਾਰਤੀ-ਅਮਰੀਕੀਆਂ ਨੇ ਜਿੱਤ ਹਾਸਲ ਕੀਤੀ ਹੈ। ਮੌਜੂਦਾ ਕਾਂਗਰਸ (ਅਮਰੀਕੀ ਸੰਸਦ) ਵਿਚ ਉਨ੍ਹਾਂ ਦੀ ਗਿਣਤੀ ਪੰਜ ਸੀ। ਸਾਰੇ ਪੰਜ ਮੌਜੂਦਾ ਭਾਰਤੀ-ਅਮਰੀਕੀ ਮੈਂਬਰ ਪ੍ਰਤੀਨਿਧੀ ਸਭਾ ਲਈ ਦੁਬਾਰਾ ਚੁਣੇ ਗਏ ਹਨ।
ਭਾਰਤੀ-ਅਮਰੀਕੀ ਵਕੀਲ ਸੁਹਾਸ ਸੁਬਰਾਮਨੀਅਮ ਵਰਜੀਨੀਆ ਅਤੇ ਪੂਰੇ ਈਸਟ ਕੋਸਟ ਤੋਂ ਚੁਣੇ ਜਾਣ ਵਾਲੇ ਭਾਈਚਾਰੇ ਦੇ ਪਹਿਲੇ ਵਿਅਕਤੀ ਬਣ ਗਏ ਹਨ। ਸੁਬਰਾਮਨੀਅਮ ਨੇ ਰਿਪਬਲਿਕਨ ਮਾਈਕ ਕਲੇਂਸੀ ਨੂੰ ਹਰਾਇਆ। ਉਹ ਇਸ ਸਮੇਂ ਵਰਜੀਨੀਆ ਸਟੇਟ ਸੈਨੇਟਰ ਹਨ।
ਸੁਬਰਾਮਣੀਅਮ ਨੇ ਕਿਹਾ, ‘‘ਮੈਨੂੰ ਮਾਣ ਹੈ ਕਿ ਵਰਜੀਨੀਆ ਦੇ 10ਵੇਂ ਜ਼ਿਲ੍ਹੇ ਦੇ ਲੋਕਾਂ ਨੇ ਕਾਂਗਰਸ ’ਚ ਸੱਭ ਤੋਂ ਸਖਤ ਲੜਾਈ ਲੜਨ ਅਤੇ ਨਤੀਜੇ ਦੇਣ ਲਈ ਮੇਰੇ ’ਤੇ ਭਰੋਸਾ ਕੀਤਾ। ਇਹ ਜ਼ਿਲ੍ਹਾ ਮੇਰਾ ਘਰ ਹੈ। ਮੇਰੀ ਪਤਨੀ, ਮਿਰਾਂਡਾ ਅਤੇ ਮੈਂ ਅਪਣੀਆਂ ਧੀਆਂ ਦੀ ਪਰਵਰਿਸ਼ ਕਰ ਰਹੇ ਹਾਂ ਅਤੇ ਸਾਡੇ ਭਾਈਚਾਰੇ ਨੂੰ ਦਰਪੇਸ਼ ਮੁੱਦੇ ਸਾਡੇ ਪਰਵਾਰ ਲਈ ਨਿੱਜੀ ਹਨ। ਵਾਸ਼ਿੰਗਟਨ ’ਚ ਇਸ ਜ਼ਿਲ੍ਹੇ ਦੀ ਸੇਵਾ ਜਾਰੀ ਰਖਣਾ ਮਾਣ ਵਾਲੀ ਗੱਲ ਹੈ।’’
ਪਹਿਲਾਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਵ੍ਹਾਈਟ ਹਾਊਸ ਦੇ ਸਲਾਹਕਾਰ ਰਹਿ ਚੁਕੇ ਸੁਬਰਾਮਣੀਅਮ ਧਰਮ ਤੋਂ ਹਿੰਦੂ ਹਨ ਅਤੇ ਦੇਸ਼ ਭਰ ’ਚ ਭਾਰਤੀ-ਅਮਰੀਕੀਆਂ ’ਚ ਪ੍ਰਸਿੱਧ ਹਨ।
ਉਹ ਕਾਂਗਰਸ ਦੀ ‘ਸਮੋਸਾ ਕਾਕਸ’ ’ਚ ਸ਼ਾਮਲ ਹੋ ਗਏ ਹਨ, ਜਿਸ ’ਚ ਇਸ ਸਮੇਂ ਪੰਜ ਭਾਰਤੀ ਅਮਰੀਕੀ- ਅਮੀ ਬੇਰਾ, ਰਾਜਾ, ਕ੍ਰਿਸ਼ਨਾਮੂਰਤੀ ਰੋ ਖੰਨਾ, ਪ੍ਰਮਿਲਾ ਜੈਪਾਲ ਅਤੇ ਥਾਨੇਦਾਰ ਸ਼ਾਮਲ ਹਨ। ‘ਸਮੋਸਾ ਕਾਕਸ’ ਅਮਰੀਕੀ ਕਾਂਗਰਸ ਵਿਚ ਭਾਰਤੀ-ਅਮਰੀਕੀਆਂ ਦੇ ਗੈਰ ਰਸਮੀ ਸਮੂਹ ਨੂੰ ਦਿਤਾ ਗਿਆ ਨਾਮ ਹੈ।
ਸਾਰੇ ਪੰਜ ਮੌਜੂਦਾ ਭਾਰਤੀ-ਅਮਰੀਕੀ ਮੈਂਬਰ ਪ੍ਰਤੀਨਿਧੀ ਸਭਾ ਲਈ ਦੁਬਾਰਾ ਚੁਣੇ ਗਏ ਹਨ। ਥਾਨੇਦਾਰ ਮਿਸ਼ੀਗਨ ਦੇ 13ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਤੋਂ ਲਗਾਤਾਰ ਦੂਜੀ ਵਾਰ ਚੁਣੇ ਗਏ ਸਨ। ਉਨ੍ਹਾਂ ਨੇ 2023 ’ਚ ਪਹਿਲੀ ਵਾਰ ਇਹ ਚੋਣ ਜਿੱਤੀ ਸੀ।
ਰਾਜਾ ਕ੍ਰਿਸ਼ਨਮੂਰਤੀ ਨੇ ਲਗਾਤਾਰ ਪੰਜਵੀਂ ਵਾਰ ਇਲੀਨੋਇਸ ਦੇ ਸੱਤਵੇਂ ਕਾਂਗਰੇਸ਼ਨਲ ਡਿਸਟ੍ਰਿਕਟ ’ਤੇ ਜਿੱਤ ਹਾਸਲ ਕੀਤੀ। ਕ੍ਰਿਸ਼ਨਾਮੂਰਤੀ ਨੇ ਕਿਹਾ, ‘‘ਵ੍ਹਾਈਟ ਹਾਊਸ ਅਤੇ ਕਾਂਗਰਸ ’ਤੇ ਕੰਟਰੋਲ ਦੀ ਲੜਾਈ ਜਾਰੀ ਹੈ ਪਰ ਮੈਨੂੰ ਮਾਣ ਹੈ ਕਿ ਇਲੀਨੋਇਸ ਦੇ ਲੋਕਾਂ ਨੇ ਕਾਂਗਰਸ ’ਚ ਉਨ੍ਹਾਂ ਦੀ ਨੁਮਾਇੰਦਗੀ ਕਰਨ ਲਈ ਮੇਰਾ ਇਕਰਾਰਨਾਮਾ ਵਧਾ ਦਿਤਾ ਹੈ।’’ ਉਨ੍ਹਾਂ ਕਿਹਾ, ‘‘ਮੇਰੇ ਮਾਪੇ ਅਪਣੇ ਪਰਵਾਰ ਦੇ ਭਵਿੱਖ ਲਈ ਇਕ ਦ੍ਰਿਸ਼ਟੀਕੋਣ ਅਤੇ ਵਿਸ਼ਵਾਸ ਨਾਲ ਇਸ ਦੇਸ਼ ’ਚ ਆਏ ਸਨ ਕਿ ਉਹ ਇੱਥੇ ਸੰਯੁਕਤ ਰਾਜ ’ਚ ਇਸ ਨੂੰ ਪ੍ਰਾਪਤ ਕਰ ਸਕਦੇ ਹਨ।’’
ਉਨ੍ਹਾਂ ਅੱਗੇ ਕਿਹਾ, ‘‘ਕਾਂਗਰਸ ’ਚ ਮੇਰਾ ਟੀਚਾ ਉਨ੍ਹਾਂ ਸਾਰੇ ਪਰਵਾਰਾਂ ਲਈ ਲੜਨਾ ਹੈ ਜੋ ਅਪਣੇ ਸੁਪਨਿਆਂ ਦਾ ਪਿੱਛਾ ਕਰ ਰਹੇ ਹਨ, ਚਾਹੇ ਉਹ ਕਿੱਥੋਂ ਆਏ ਹੋਣ, ਉਹ ਕਿਵੇਂ ਪੂਜਾ ਕਰਦੇ ਹਨ ਜਾਂ ਉਨ੍ਹਾਂ ਦੇ ਨਾਂ ’ਤੇ ਅੱਖਰਾਂ ਦੀ ਗਿਣਤੀ ਹੋਵੇ। ਮੇਰੇ ਕੋਲ 29 ਹਨ।’’
ਕੈਲੀਫੋਰਨੀਆ ਦੇ 17ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਦੀ ਨੁਮਾਇੰਦਗੀ ਕਰਨ ਵਾਲੇ ਰੋ ਖੰਨਾ ਅਤੇ ਵਾਸ਼ਿੰਗਟਨ ਸਟੇਟ ਦੇ 7ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਦੀ ਨੁਮਾਇੰਦਗੀ ਕਰਨ ਵਾਲੀ ਪ੍ਰਮਿਲਾ ਜੈਪਾਲ ਨੇ ਵੀ ਜਿੱਤ ਹਾਸਲ ਕੀਤੀ।
ਪੇਸ਼ੇ ਤੋਂ ਡਾਕਟਰ ਅਮੀ ਬੇਰਾ 2013 ਤੋਂ ਕੈਲੀਫੋਰਨੀਆ ਦੇ 6ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਮੂਲ ਦੇ ਸੱਭ ਤੋਂ ਸੀਨੀਅਰ ਅਮਰੀਕੀ ਸੰਸਦ ਮੈਂਬਰ ਹਨ। ਉਹ ਲਗਾਤਾਰ ਸੱਤਵੀਂ ਵਾਰ ਦੁਬਾਰਾ ਚੁਣੇ ਗਏ ਸਨ।
ਐਰੀਜ਼ੋਨਾ ’ਚ ਡੈਮੋਕ੍ਰੇਟ ਉਮੀਦਵਾਰ ਸ਼ਾਹ ਮੌਜੂਦਾ ਰਿਪਬਲਿਕਨ ਉਮੀਦਵਾਰ ਡੇਵਿਡ ਸ਼ਵੀਕੇਟ ਤੋਂ ਥੋੜ੍ਹਾ ਅੱਗੇ ਚੱਲ ਰਹੇ ਹਨ। ਉਨ੍ਹਾਂ ਨੂੰ 1,32,712 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਵਿਰੋਧੀ ਨੂੰ 1,28,606 ਵੋਟਾਂ ਮਿਲੀਆਂ। ਹੁਣ ਤਕ 63 ਫੀ ਸਦੀ ਵੋਟਾਂ ਦੀ ਗਿਣਤੀ ਹੋ ਚੁਕੀ ਹੈ। (ਪੀਟੀਆਈ)