
ਹੰਗਰੀ-ਭਾਰਤੀ ਮੂਲ ਦੀ ਪ੍ਰਸਿੱਧ ਕਲਾਕਾਰ ਨੂੰ ਬਰਸੀ ’ਤੇ ਸ਼ਰਧਾਂਜਲੀਆਂ, ਲਾਹੌਰ ’ਚ ਇਕ ਯਾਦਗਾਰੀ ਤਖ਼ਤੀ ਅਤੇ ਪ੍ਰਦਰਸ਼ਨੀ ਦਾ ਉਦਘਾਟਨ
ਲਾਹੌਰ: ਹੰਗਰੀ ਨੇ ਹੰਗਰੀ-ਭਾਰਤੀ ਮੂਲ ਦੀ ਚਿੱਤਰਕਾਰ ਅੰਮ੍ਰਿਤਾ ਸ਼ੇਰਗਿਲ ਦੀ ਲਾਹੌਰ ਦੇ ‘ਦ ਮੌਲ’ ਸਥਿਤ ‘ਗੰਗਾ ਰਾਮ ਹਵੇਲੀ’ ਨੂੰ ਮਿਊਜ਼ੀਅਮ ’ਚ ਬਦਲਣ ਦੀ ਯੋਜਨਾ ਬਣਾਈ ਹੈ। ਹੰਗਰੀ ਦੇ ਇਕ ਡਿਪਲੋਮੈਟ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।
ਪ੍ਰਸਿੱਧ ਕਲਾਕਾਰ ਅੰਮ੍ਰਿਤਾ ਸ਼ੇਰਗਿਲ ਨੂੰ ਉਨ੍ਹਾਂ ਦੀ ਬਰਸੀ ’ਤੇ ਸ਼ਰਧਾਂਜਲੀ ਦੇਣ ਲਈ ਇਕ ਯਾਦਗਾਰੀ ਤਖ਼ਤੀ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ ਅਤੇ ਕਈ ਬੁੱਧੀਜੀਵੀ ਅਤੇ ਕਲਾ ਪ੍ਰੇਮੀ ਇਸ ਮੌਕੇ ਇਕੱਠੇ ਹੋਏ।
ਹੰਗਰੀ ਦੇ ਸਫ਼ਾਰਤਖ਼ਾਨੇ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਲਾਹੌਰ ਸਥਿਤ ਪੰਜਾਬ ਯੂਨੀਵਰਸਿਟੀ ਕਾਲਜ ਆਫ ਆਰਟ ਐਂਡ ਡਿਜ਼ਾਈਨ ਦੇ ਸਹਿਯੋਗ ਨਾਲ ਮੰਗਲਵਾਰ ਨੂੰ ਅੰਮ੍ਰਿਤਾ ਦੀ 82ਵੀਂ ਬਰਸੀ ਮੌਕੇ ਉਨ੍ਹਾਂ ਦੀ ਰਿਹਾਇਸ਼ ’ਤੇ ਯਾਦਗਾਰੀ ਤਖ਼ਤੀ ਲਗਾਉਣ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਸਮਾਰੋਹ ਅਤੇ ਪ੍ਰਦਰਸ਼ਨੀ ਕੀਤੀ ਸੀ।
ਪ੍ਰਦਰਸ਼ਨੀ ’ਚ ਯੂਨੀਵਰਸਿਟੀ ਦੇ 13 ਕਲਾਕਾਰਾਂ ਵਲੋਂ ਸ਼ੇਰਗਿਲ ਦੀਆਂ ਕਲਾਕ੍ਰਿਤੀਆਂ ਦੀਆਂ ਨਕਲਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਇਸ ਪ੍ਰਸਿੱਧ ਕਲਾਕਾਰ ਨੂੰ ਸ਼ਰਧਾਂਜਲੀ ਦੇਣ ਲਈ ਅਪਣੇ ਵਿਚਾਰਾਂ ਦੇ ਮਿਸ਼ਰਣ ਨਾਲ ਅੰਮ੍ਰਿਤਾ ਸ਼ੇਰਗਿਲ ਦੀਆਂ ਕਲਾਕ੍ਰਿਤੀਆਂ ਦੀਆਂ ਨਕਲਾਂ ਬਣਾਈਆਂ।
ਇਸ ਮੌਕੇ ਪਾਕਿਸਤਾਨ ਵਿਚ ਹੰਗਰੀ ਦੀ ਰਾਜਦੂਤ ਬੇਲਾ ਫਜ਼ੇਕਾਸ ਨੇ ਕਿਹਾ ਕਿ ਅੰਮ੍ਰਿਤਾ ਸ਼ੇਰਗਿਲ ਦਾ ਜਨਮ ਹੰਗਰੀ ਵਿਚ ਹੋਇਆ ਸੀ ਅਤੇ ਉਹ ਭਾਰਤੀ ਉਪ ਮਹਾਂਦੀਪ ਦੇ ਸਭ ਤੋਂ ਉੱਘੇ ਚਿੱਤਰਕਾਰਾਂ ’ਚੋਂ ਇਕ ਸਨ।