ਡੋਨਾਲਡ ਟਰੰਪ ਨੇ ਕੋਲੰਬੀਆ ਦੀ ਚੋਟੀ ਦੀ ਲੀਡਰਸ਼ਿਪ ਨੂੰ ‘ਬਿਮਾਰ ਨੇਤਾ' ਕਿਹਾ
ਕੋਲੰਬੀਆ: ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਗ੍ਰਿਫਤਾਰੀ ਨੇ ਦੁਨੀਆ ਭਰ ਵਿਚ ਤਣਾਅ ਪੈਦਾ ਕਰ ਦਿਤਾ ਹੈ। ਇਸ ਦਾ ਪ੍ਰਭਾਵ ਲਾਤੀਨੀ ਅਮਰੀਕੀ ਦੇਸ਼ਾਂ ਵਿਚ ਸਭ ਤੋਂ ਵੱਧ ਮਹਿਸੂਸ ਕੀਤਾ ਜਾ ਰਿਹਾ ਹੈ। ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੁਣੌਤੀ ਦਿਤੀ ਹੈ। ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ, ‘‘ਆਓ ਅਤੇ ਮੈਨੂੰ ਫੜੋ, ਮੈਂ ਉਡੀਕ ਕਰ ਰਿਹਾ ਹਾਂ।’’ ਅਮਰੀਕਾ ਨੇ ਲਾਤੀਨੀ ਅਮਰੀਕਾ ਵਿਚ ਨਸ਼ਿਆਂ ਵਿਰੁਧ ਅਪਣੀ ਕਾਰਵਾਈ ਤੇਜ਼ ਕਰ ਦਿਤੀ ਹੈ।
ਇਸ ਮੁੱਦੇ ਦੇ ਵਿਚਕਾਰ ਕੋਲੰਬੀਆ ਦੇ ਰਾਸ਼ਟਰਪਤੀ ਪੈਟਰੋ ਅਤੇ ਟਰੰਪ ਵਿਚਕਾਰ ਟਕਰਾਅ ਹੁਣ ਚੁਣੌਤੀ ਵਿਚ ਬਦਲ ਗਿਆ ਹੈ। ਪੈਟਰੋ ਨੇ ਖੁੱਲ੍ਹ ਕੇ ਡੋਨਾਲਡ ਟਰੰਪ ਨੂੰ ਚੁਣੌਤੀ ਦਿਤੀ ਹੈ। ਇਹ ਤਿੱਖਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੂਰੋ ਅਤੇ ਉਨ੍ਹਾਂ ਦੀ ਪਤਨੀ, ਸੀਲੀਆ ਫਲੋਰੇਸ ਨੂੰ ਅਮਰੀਕਾ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਵਿਚ ਵਿਸ਼ੇਸ਼ ਬਲਾਂ ਦੇ ਆਪ੍ਰੇਸ਼ਨ ਰਾਹੀਂ ਗ੍ਰਿਫਤਾਰ ਕੀਤਾ ਹੈ। ਇਸ ਕਾਰਵਾਈ ਨੇ ਦੁਨੀਆ ਭਰ ਵਿਚ ਹਲਚਲ ਮਚਾ ਦਿਤੀ ਹੈ। ਰਾਸ਼ਟਰਪਤੀ ਪੈਟਰੋ ਨੇ ਟਰੰਪ ਨੂੰ ਸਾਫ਼-ਸਾਫ਼ ਕਿਹਾ, ‘‘ਆਓ, ਮੈਨੂੰ ਲੈ ਜਾਓ, ਮੈਂ ਇੱਥੇ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ।
ਮੈਨੂੰ ਧਮਕੀ ਨਾ ਦਿਓ, ਜੇ ਤੁਸੀਂ ਚਾਹੁੰਦੇ ਹੋ, ਤਾਂ ਮੈਂ ਇੱਥੇ ਉਡੀਕ ਕਰਾਂਗਾ।’’ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਫ਼ੌਜੀ ਕਾਰਵਾਈ ਨੂੰ ਮਨਜ਼ੂਰ ਨਹੀਂ ਕਰਦੇ। ਟਰੰਪ ’ਤੇ ਹਮਲਾ ਕਰਦੇ ਹੋਏ ਪੈਟਰੋ ਨੇ ਕਿਹਾ, ‘‘ਮੈਂ ਕਿਸੇ ਵੀ ਤਰ੍ਹਾਂ ਦੇ ਹਮਲੇ, ਮਿਜ਼ਾਈਲ ਹਮਲੇ ਜਾਂ ਕਤਲ ਨੂੰ ਸਵੀਕਾਰ ਨਹੀਂ ਕਰਦਾ। ਸਿਰਫ਼ ਖੁਫੀਆ ਜਾਣਕਾਰੀ ’ਤੇ ਚਰਚਾ ਕੀਤੀ ਜਾਵੇਗੀ।
ਜੇਕਰ ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਤਾਂ ਅੱਗੇ ਆਓ ਅਤੇ ਤੱਥਾਂ ’ਤੇ ਚਰਚਾ ਕਰੋ, ਝੂਠ ’ਤੇ ਨਹੀਂ।’’ ਕੋਲੰਬੀਆ ਦੇ ਰਾਸ਼ਟਰਪਤੀ ਦਾ ਤਿੱਖਾ ਬਿਆਨ ਟਰੰਪ ਵਲੋਂ ਕੋਲੰਬੀਆ ਵਿਰੁਧ ਫ਼ੌਜੀ ਕਾਰਵਾਈ ਦਾ ਇਸ਼ਾਰਾ ਕਰਨ ਵਾਲੀ ਟਿੱਪਣੀ ਤੋਂ ਬਾਅਦ ਆਇਆ ਹੈ। ਡੋਨਾਲਡ ਟਰੰਪ ਨੇ ਕੋਲੰਬੀਆ ਦੀ ਚੋਟੀ ਦੀ ਲੀਡਰਸ਼ਿਪ ਨੂੰ ‘ਬਿਮਾਰ ਨੇਤਾ’ ਕਿਹਾ। ਉਨ੍ਹਾਂ ਦੋਸ਼ ਲਗਾਇਆ ਕਿ ਕੋਕੀਨ ਕੋਲੰਬੀਆ ਤੋਂ ਸੰਯੁਕਤ ਰਾਜ ਅਮਰੀਕਾ ਭੇਜੀ ਜਾ ਰਹੀ ਸੀ। ਟਰੰਪ ਨੇ ਦਾਅਵਾ ਕੀਤਾ ਕਿ ਕੋਲੰਬੀਆ ਕੋਕੀਨ ਬਣਾ ਰਿਹਾ ਸੀ ਅਤੇ ਇਸ ਨੂੰ ਅਮਰੀਕਾ ਭੇਜ ਰਿਹਾ ਸੀ, ਇਸ ਲਈ ਉਸ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
