ਇੱਕ ਔਰਤ ਨੂੰ 22 ਘੰਟਿਆਂ ਬਾਅਦ ਮਲਬੇ ਵਿਚੋਂ ਜ਼ਿੰਦਾ ਕੱਢਿਆ ਬਾਹਰ
ਤੁਰਕੀ ਅਤੇ ਸੀਰੀਆ 'ਚ ਆਏ ਭੂਚਾਲ ਕਾਰਨ ਹੁਣ ਤੱਕ ਹੋ ਚੁੱਕੀਆਂ ਹਨ 4 ਹਜ਼ਾਰ ਤੋਂ ਵੱਧ ਮੌਤਾਂ
ਤੁਰਕੀ 'ਚ 7.8, 7.6 ਅਤੇ 6.0 ਤੀਬਰਤਾ ਦੇ ਲਗਾਤਾਰ ਲੱਗੇ ਸਨ ਤਿੰਨ ਝਟਕੇ
ਐਲਬਿਸਤਾਨ : ਤੁਰਕੀ ਅਤੇ ਸੀਰੀਆ ਵਿਚ ਇੱਕ ਦਿਨ ਪਹਿਲਾਂ ਆਏ 3 ਵੱਡੇ ਭੂਚਾਲ ਦੇ ਝਟਕਿਆਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਕਈ ਸ਼ਹਿਰ ਤਬਾਹ ਹੋ ਗਏ ਹਨ। 24 ਘੰਟੇ ਬਾਅਦ ਵੀ ਇੱਥੇ ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ ਹੈ। ਇਸ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਚਾਰ ਹਾਜ਼ਰ ਤੋਂ ਵੀ ਪਾਰ ਹੋ ਗਈ ਹੈ।ਮੀਡੀਆ ਰਿਪੋਰਟਾਂ ਮੁਤਾਬਕ ਤੁਰਕੀ ਅਤੇ ਸੀਰੀਆ 'ਚ ਮੰਗਲਵਾਰ ਨੂੰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਇਹ ਵੀ ਪੜ੍ਹੋ: ਹੁਣ ਨੰਨ੍ਹੇ-ਮੁੰਨੇ ਬੱਚਿਆਂ ਦੇ ਬਸਤਿਆਂ ਦਾ ਘਟੇਗਾ ਭਾਰ, ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਹੋਣਗੀਆਂ ਸਿਰਫ਼ ਦੋ ਕਿਤਾਬਾਂ
ਵੱਡੀਆਂ ਇਮਾਰਤਾਂ ਦੇ ਮਲਬੇ ਹੇਠ ਅਜੇ ਵੀ ਜ਼ਿੰਦਗੀਆਂ ਤਲਾਸ਼ੀਆਂ ਜਾ ਰਹੀਆਂ ਹਨ। ਮਲਬੇ ਹੇਠੋਂ ਬੱਚਿਆਂ, ਬਜ਼ੁਰਗਾਂ, ਔਰਤਾਂ ਦੀਆਂ ਦੇਹਾਂ ਦਾ ਦ੍ਰਿਸ਼ ਰੂਹ ਕਮਬਾਉਂ ਹੈ। ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ। ਇਸ ਦੌਰਾਨ ਇੱਕ ਔਰਤ ਨੂੰ 22 ਘੰਟਿਆਂ ਬਾਅਦ ਜ਼ਿੰਦਾ ਮਲਬੇ ਵਿਚੋਂ ਬਾਹਰ ਕੱਢ ਲਿਆ ਗਿਆ। ਬਚਾਅ ਟੀਮ ਨੇ ਇਸ ਔਰਤ ਨੂੰ ਬੇਹੋਸ਼ੀ ਦੀ ਹਾਲਤ 'ਚ ਪਾਇਆ। ਦੂਜੇ ਪਾਸੇ ਸੀਰੀਆ ਦੇ ਅਲੇਪੋ ਵਿੱਚ ਇਮਾਰਤਾਂ ਦੀਆਂ ਛੱਤਾਂ ਨੂੰ ਕੱਟ ਕੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਦੋਵਾਂ ਦੇਸ਼ਾਂ ਦੇ ਕਈ ਸ਼ਹਿਰਾਂ ਵਿੱਚ ਇਹੀ ਮੰਜ਼ਰ ਹੈ।
ਤੁਰਕੀ ਅਤੇ ਸੀਰੀਆ ਵਿੱਚ ਇਹ ਤਬਾਹੀ 3 ਵੱਡੇ ਭੂਚਾਲਾਂ ਤੋਂ ਬਾਅਦ ਆਈ ਹੈ। ਤੁਰਕੀ ਦੇ ਸਮੇਂ ਅਨੁਸਾਰ, ਪਹਿਲਾ ਝਟਕਾ ਸੋਮਵਾਰ ਨੂੰ ਸਵੇਰੇ 4 ਵਜੇ (7.8), ਦੂਜਾ ਸਵੇਰੇ 10 ਵਜੇ (7.6) ਅਤੇ ਤੀਜਾ ਸ਼ਾਮ 3 ਵਜੇ (6.0) 'ਤੇ ਆਇਆ। ਇਸ ਤੋਂ ਇਲਾਵਾ 243 ਝਟਕੇ ਦਰਜ ਕੀਤੇ ਗਏ। ਇਨ੍ਹਾਂ ਦੀ ਤੀਬਰਤਾ 4 ਤੋਂ 5 ਸੀ।
ਇਹ ਵੀ ਪੜ੍ਹੋ:ਭਾਰਤੀ ਬੈਡਮਿੰਟਨ ਖਿਡਾਰਨ ਤਾਨਿਆ ਹੇਮੰਤ ਨੇ ਈਰਾਨ 'ਚ ਜਿੱਤਿਆ ਸੋਨ ਤਮਗ਼ਾ
ਦੋਵਾਂ ਦੇਸ਼ਾਂ ਵਿੱਚ 4,300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੁਰਕੀ ਵਿੱਚ 2,921 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 15,000 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ ਸੀਰੀਆ 'ਚ 1,444 ਲੋਕ ਮਾਰੇ ਗਏ ਅਤੇ 2 ਹਜ਼ਾਰ ਤੋਂ ਵੱਧ ਜ਼ਖਮੀ ਹੋ ਗਏ। ਤੁਰਕੀ ਦੇ 10 ਤੋਂ ਵੱਧ ਸੂਬਿਆਂ 'ਚ ਭਾਰੀ ਤਬਾਹੀ ਹੋਈ ਹੈ। ਇੱਥੇ 6,217 ਤੋਂ ਵੱਧ ਇਮਾਰਤਾਂ ਢਹਿ ਗਈਆਂ ਹਨ। ਭੂਚਾਲ ਕਾਰਨ ਸੀਰੀਆ 'ਚ ਵੀ ਅਜਿਹੀ ਹੀ ਸਥਿਤੀ ਹੈ।
ਸੀਰੀਆ ਦੀ ਸਰਕਾਰੀ ਏਜੰਸੀ ਸਾਨਾ ਨੇ ਦੱਸਿਆ ਹੈ ਕਿ ਅਲੇਪੋ ਸ਼ਹਿਰ ਦੀਆਂ ਕਈ ਇਤਿਹਾਸਕ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਮੁਤਾਬਕ ਉੱਤਰੀ-ਪੱਛਮੀ ਸੀਰੀਆ 'ਚ 224 ਇਮਾਰਤਾਂ ਢਹਿ ਗਈਆਂ ਹਨ ਅਤੇ 325 ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।