
ਚੋਣਾਂ ਤੋਂ ਪਹਿਲਾਂ ਹਿੰਸਾ ਸਿਖਰ ’ਤੇ, ਐਤਵਾਰ ਤੋਂ ਲੈ ਕੇ ਹੁਣ ਤਕ ਸੂਬੇ ਵਿਚ ਅਜਿਹੇ ਕਰੀਬ 50 ਹਮਲੇ ਹੋ ਚੁਕੇ ਹਨ
ਕਰਾਚੀ: ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ’ਚ ਆਮ ਚੋਣਾਂ ਤੋਂ ਇਕ ਦਿਨ ਪਹਿਲਾਂ ਬੁਧਵਾਰ ਨੂੰ ਚੋਣ ਦਫ਼ਤਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦੋ ਬੰਬ ਧਮਾਕਿਆਂ ’ਚ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਅਤੇ 42 ਹੋਰ ਜ਼ਖਮੀ ਹੋ ਗਏ।
ਪਹਿਲੀ ਘਟਨਾ ’ਚ ਪਿਸ਼ਿਨ ਜ਼ਿਲ੍ਹੇ ’ਚ ਆਜ਼ਾਦ ਉਮੀਦਵਾਰ ਅਸਫਨਦਿਆਰ ਖਾਨ ਕੱਕੜ ਦੇ ਦਫ਼ਤਰ ਦੇ ਬਾਹਰ ਹੋਏ ਧਮਾਕੇ ’ਚ 17 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ। ਇਸ ਤੋਂ ਇਕ ਘੰਟੇ ਤੋਂ ਵੀ ਘੱਟ ਸਮੇਂ ਬਾਅਦ ਕਿਲ੍ਹਾ ਅਬਦੁੱਲਾ ਇਲਾਕੇ ਵਿਚ ਜਮੀਅਤ ਉਲੇਮਾ ਇਸਲਾਮ (ਜੇ.ਯੂ.ਆਈ.) ਦੇ ਚੋਣ ਦਫ਼ਤਰ ਦੇ ਬਾਹਰ ਇਕ ਹੋਰ ਬੰਬ ਧਮਾਕਾ ਹੋਇਆ, ਜਿਸ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ।
ਬਲੋਚਿਸਤਾਨ ਦੇ ਪੰਜਗੁਰ ’ਚ ਇਕ ਸੀਨੀਅਰ ਪੁਲਿਸ ਅਧਿਕਾਰੀ ਅਬਦੁੱਲਾ ਜ਼ਾਹਰੀ ਨੇ ਦਸਿਆ ਕਿ ਬੰਬ ਇਕ ਬੈਗ ’ਚ ਰੱਖਿਆ ਗਿਆ ਸੀ, ਜਿਸ ’ਚ ਉਮੀਦਵਾਰ ਅਸਫਨਦਿਆਰ ਖਾਨ ਕੱਕੜ ਦੇ ਚੋਣ ਦਫ਼ਤਰ ਦੇ ਬਾਹਰ ਟਾਈਮਰ ਲੱਗਾ ਹੋਇਆ ਸੀ। ਉਨ੍ਹਾਂ ਦਸਿਆ ਕਿ ਕੁੱਝ ਜ਼ਖਮੀਆਂ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਕਵੇਟਾ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਧਮਾਕੇ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਜ਼ਹਿਰੀ ਨੇ ਕਿਹਾ ਕਿ ਅਤਿਵਾਦੀ ਲੋਕਾਂ ਨੂੰ ਪੋਲਿੰਗ ਸਟੇਸ਼ਨਾਂ ’ਤੇ ਜਾਣ ਤੋਂ ਰੋਕਣ ਲਈ ਉਮੀਦਵਾਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਪਰ ਚੋਣਾਂ ਸਮੇਂ ਸਿਰ ਕਰਵਾਉਣ ਲਈ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਵਧਾਈ ਜਾ ਰਹੀ ਹੈ। ਸਥਾਨਕ ਮੀਡੀਆ ਰੀਪੋਰਟਾਂ ਮੁਤਾਬਕ ਕਿਲ੍ਹਾ ਅਬਦੁੱਲਾ ਇਲਾਕੇ ’ਚ ਜੇ.ਯੂ.ਆਈ. ਉਮੀਦਵਾਰ ਦੇ ਚੋਣ ਦਫ਼ਤਰ ’ਚ ਹੋਏ ਧਮਾਕੇ ਨਾਲ ਭਾਰੀ ਨੁਕਸਾਨ ਹੋਇਆ ਹੈ।
ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਨੇ ਦੋਹਾਂ ਧਮਾਕਿਆਂ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਵੀਰਵਾਰ ਨੂੰ ਹੋਣ ਵਾਲੀਆਂ ਚੋਣਾਂ ਲਈ ਸੂਬੇ ਵਿਚ ਸੁਰੱਖਿਆ ਹੋਰ ਵਧਾ ਦਿਤੀ ਗਈ ਹੈ। ਈ.ਸੀ.ਪੀ. ਦੇ ਇਕ ਬੁਲਾਰੇ ਨੇ ਕਿਹਾ ਕਿ ਇਨ੍ਹਾਂ ਅਤਿਵਾਦੀ ਹਮਲਿਆਂ ਦੇ ਦੋਸ਼ੀਆਂ ਨੂੰ ਫੜਿਆ ਜਾਵੇਗਾ ਅਤੇ ਉਨ੍ਹਾਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ। ਬਲੋਚਿਸਤਾਨ ਦੇ ਗ੍ਰਹਿ ਮੰਤਰੀ ਜਾਨ ਅਚਕਜ਼ਈ ਨੇ ਹਮਲਿਆਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਚੋਣਾਂ ਨਿਰਧਾਰਤ ਸਮੇਂ ਅਨੁਸਾਰ ਹੋਣਗੀਆਂ। ਕਾਰਜਕਾਰੀ ਗ੍ਰਹਿ ਮੰਤਰੀ ਗੌਹਰ ਇਜਾਜ਼ ਨੇ ਪਿਸ਼ਿਨ ਵਿਚ ਇਕ ਆਜ਼ਾਦ ਉਮੀਦਵਾਰ ਦੇ ਚੋਣ ਦਫ਼ਤਰ ਦੇ ਬਾਹਰ ਹੋਏ ਧਮਾਕੇ ਦੀ ਸਖ਼ਤ ਨਿੰਦਾ ਕੀਤੀ।
ਚੋਣਾਂ ਤੋਂ ਪਹਿਲਾਂ ਹਿੰਸਾ ਸਿਖਰ ’ਤੇ
ਅਫਗਾਨਿਸਤਾਨ ਅਤੇ ਈਰਾਨ ਦੀ ਸਰਹੱਦ ਨਾਲ ਲਗਦੇ ਬਲੋਚਿਸਤਾਨ ’ਚ 8 ਫ਼ਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਹਿੰਸਾ ਸਿਖਰ ’ਤੇ ਪਹੁੰਚ ਗਈ ਹੈ। ਮੰਗਲਵਾਰ ਨੂੰ ਵੀ ਸੂਬੇ ਦੇ ਵੱਖ-ਵੱਖ ਇਲਾਕਿਆਂ ’ਚ ਸੁਰੱਖਿਆ ਚੌਕੀਆਂ, ਚੋਣ ਪ੍ਰਚਾਰ ਦਫਤਰਾਂ ਅਤੇ ਰੈਲੀਆਂ ’ਤੇ 10 ਗ੍ਰੇਨੇਡ ਹਮਲੇ ਕੀਤੇ ਗਏ। ਐਤਵਾਰ ਤੋਂ ਲੈ ਕੇ ਹੁਣ ਤਕ ਸੂਬੇ ਵਿਚ ਅਜਿਹੇ ਕਰੀਬ 50 ਹਮਲੇ ਹੋ ਚੁਕੇ ਹਨ ਅਤੇ ਸਿਬੀ ਕਸਬੇ ਵਿਚ ਇਕ ਘਟਨਾ ਵਿਚ ਹਮਲਾਵਰਾਂ ਨੇ ਨੈਸ਼ਨਲ ਅਸੈਂਬਲੀ ਲਈ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਉਮੀਦਵਾਰ ਦੀ ਚੋਣ ਰੈਲੀ ਨੂੰ ਨਿਸ਼ਾਨਾ ਬਣਾਇਆ, ਜਿਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ।