
2024 ’ਚ ਪੰਜ ਵਿਦਿਆਰਥੀ ਹਮਲਿਆਂ ’ਚ ਮਾਰੇ ਗਏ
ਨਿਊਯਾਰਕ: ਅਮਰੀਕਾ ’ਚ ਭਾਰਤੀ ਵਿਦਿਆਰਥੀਆਂ ’ਤੇ ਇਕ ਤੋਂ ਬਾਅਦ ਇਕ ਹਮਲੇ ਦੀਆਂ ਪ੍ਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇੰਡੀਆਨਾ ਸੂਬੇ ਦੀ ਪ੍ਰਸਿੱਧ ਪਰਡਿਊ ਯੂਨੀਵਰਸਿਟੀ ਵਿਚ ਡਾਕਟਰੇਟ ਦੇ ਇਕ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ ਹੈ, ਜਦਕਿ ਸ਼ਿਕਾਗੋ ਸ਼ਹਿਰ ਵਿਚ ਸੂਚਨਾ ਤਕਨਾਲੋਜੀ (ਆਈ.ਟੀ.) ਦੀ ਪੜ੍ਹਾਈ ਕਰ ਰਹੇ ਇਕ ਹੋਰ ਭਾਰਤੀ ਵਿਦਿਆਰਥੀ ’ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ।
ਐਤਵਾਰ ਤੋਂ ਭਾਰਤੀ ਵਿਦਿਆਰਥੀਆਂ ’ਤੇ ਹਮਲਿਆਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਇਕੱਲੇ 2024 ’ਚ ਅਜਿਹੀਆਂ ਛੇ ਘਟਨਾਵਾਂ ਸਾਹਮਣੇ ਆਈਆਂ ਹਨ। ਸਮਾਚਾਰ ਏਜੰਸੀ ‘ਪਰਡਿਊ ਐਕਸਪੋਨੈਂਟ’ ਦੀ ਸੁਤੰਤਰ ਸਮਾਚਾਰ ਏਜੰਸੀ ਨੇ ਦਸਿਆ ਕਿ ਮਕੈਨੀਕਲ ਇੰਜੀਨੀਅਰਿੰਗ ’ਚ ਡਾਕਟਰੇਟ ਦੀ ਪੜ੍ਹਾਈ ਕਰਨ ਵਾਲਾ ਸਮੀਰ ਕਾਮਥ (23) ਸੋਮਵਾਰ ਨੂੰ ਵਾਰੇਨ ਕਾਊਂਟੀ ’ਚ ਮ੍ਰਿਤਕ ਪਾਇਆ ਗਿਆ। ਏਜੰਸੀ ਨੇ ਵਾਰੇਨ ਕਾਊਂਟੀ ਦੇ ਕੋਰੋਨਰ ਜਸਟਿਨ ਬਰੈਮਮੈਟ ਦੇ ਹਵਾਲੇ ਨਾਲ ਕਿਹਾ ਕਿ ਕਾਮਥ ਦੀ ਲਾਸ਼ ਕ੍ਰੋਸ ਗਰੋਵ ਵਿਚ ਮਿਲੀ।
ਕਾਮਤ ਨੇ ਮੈਸਾਚੁਸੇਟਸ ਐਮਹਰਸਟ ਯੂਨੀਵਰਸਿਟੀ ਤੋਂ ਮਕੈਨੀਕਲ ਇੰਜੀਨੀਅਰਿੰਗ ’ਚ ਬੈਚਲਰ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ 2021 ’ਚ ਪਰਡਿਊ ਯੂਨੀਵਰਸਿਟੀ ’ਚ ਦਾਖਲਾ ਲਿਆ। ਉਹ 2025 ’ਚ ਡਾਕਟਰੇਟ ਪ੍ਰਾਪਤ ਕਰਨ ਵਾਲਾ ਸੀ।
ਪਿਛਲੇ ਹਫਤੇ ਓਹੀਓ ਸੂਬੇ ਦੇ ਲਿੰਡਨਰ ਸਕੂਲ ਆਫ ਬਿਜ਼ਨਸ ਦਾ 19 ਸਾਲਾ ਵਿਦਿਆਰਥੀ ਸ਼੍ਰੇਅਸ ਰੈਡੀ ਬੇਨੀਗਰ ਮ੍ਰਿਤਕ ਪਾਇਆ ਗਿਆ ਸੀ। ਹਾਲਾਂਕਿ ਸਥਾਨਕ ਅਧਿਕਾਰੀਆਂ ਨੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਇਨਕਾਰ ਕੀਤਾ ਹੈ। ਇੰਡੀਆਨਾ ਦੀ ਪਰਡਿਊ ਯੂਨੀਵਰਸਿਟੀ ਦਾ ਇਕ ਹੋਰ ਭਾਰਤੀ ਵਿਦਿਆਰਥੀ ਨੀਲ ਅਚਾਰੀਆ 28 ਜਨਵਰੀ ਨੂੰ ਲਾਪਤਾ ਹੋਣ ਦੇ ਕੁੱਝ ਦਿਨਾਂ ਬਾਅਦ ਮ੍ਰਿਤਕ ਪਾਇਆ ਗਿਆ ਸੀ। ਇਹ ਘਟਨਾ ਜਾਰਜੀਆ ਦੇ ਸ਼ਹਿਰ ਲਿਥੁਆਨੀਆ ਵਿਚ 25 ਸਾਲ ਦੇ ਭਾਰਤੀ ਵਿਦਿਆਰਥੀ ਵਿਵੇਕ ਸੈਣੀ ਦੀ ਹਥੌੜੇ ਨਾਲ ਹੱਤਿਆ ਕੀਤੇ ਜਾਣ ਤੋਂ ਕੁੱਝ ਦਿਨ ਬਾਅਦ ਹੋਈ ਹੈ। ਪਿਛਲੇ ਮਹੀਨੇ 18 ਸਾਲਾ ਅਕੁਲ ਬੀ ਧਵਨ ਇਲੀਨੋਇਸ ਅਰਬਾਨਾ-ਸ਼ੈਂਪੇਨ ਯੂਨੀਵਰਸਿਟੀ ’ਚ ਮ੍ਰਿਤਕ ਪਾਇਆ ਗਿਆ ਸੀ। ਉਸ ’ਚ ਹਾਈਪੋਥਰਮੀਆ ਦੇ ਲੱਛਣ ਪਾਏ ਗਏ ਸਨ। (ਪੀਟੀਆਈ)