
ਕਿਹਾ, ਮੈਨੂੰ ਨੁਕਸਾਨ ਪਹੁੰਚਾਉਣ ਦੀ ਹੋਈ ਸੀ ਕੋਸ਼ਿਸ਼
Pakistan News: ਪਾਕਿਸਤਾਨ ਵਿਚ 8 ਫਰਵਰੀ ਨੂੰ ਆਮ ਚੋਣਾਂ ਹੋ ਰਹੀਆਂ ਹਨ। ਚੋਣਾਂ ਤੋਂ ਪਹਿਲਾਂ ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ 5 ਦਿਨਾਂ 'ਚ ਤਿੰਨ ਵਾਰ ਸਜ਼ਾ ਸੁਣਾਈ ਗਈ ਹੈ। ਤਾਜ਼ਾ ਮਾਮਲਾ ਗੈਰ-ਕਾਨੂੰਨੀ ਵਿਆਹ ਦਾ ਹੈ, ਜਿਸ 'ਚ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਖਾਨ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਪਹਿਲਾਂ 30 ਜਨਵਰੀ ਨੂੰ ਉਸ ਨੂੰ ਗੁਪਤ ਪੱਤਰ ਲੀਕ ਮਾਮਲੇ ਵਿਚ 10 ਸਾਲ ਅਤੇ ਤੋਸ਼ਾਖਾਨਾ ਕੇਸ ਵਿਚ 31 ਜਨਵਰੀ ਨੂੰ 14 ਸਾਲ ਦੀ ਸਜ਼ਾ ਸੁਣਾਈ ਗਈ ਸੀ।
3 ਫਰਵਰੀ 2024 ਨੂੰ ਰਾਵਲਪਿੰਡੀ ਦੀ ਅਦਿਆਲਾ ਜੇਲ ਵਿਚ ਸੀਨੀਅਰ ਸਿਵਲ ਜੱਜ ਕੁਦਰਤੁੱਲਾ ਨੇ ਇਮਰਾਨ ਅਤੇ ਉਸ ਦੀ ਤੀਜੀ ਪਤਨੀ ਬੁਸ਼ਰਾ ਵਿਰੁਧ ਗੈਰ-ਇਸਲਾਮਿਕ ਵਿਆਹ ਮਾਮਲੇ ਵਿਚ ਫੈਸਲਾ ਸੁਣਾਇਆ। ਬੁਸ਼ਰਾ ਦੇ ਸਾਬਕਾ ਪਤੀ ਖਾਵਰ ਫਰੀਦ ਮੇਨਕਾ ਨੇ ਇਸ ਮਾਮਲੇ 'ਚ ਪਟੀਸ਼ਨ ਦਾਇਰ ਕੀਤੀ ਸੀ।
ਜਿਸ ਮਾਮਲੇ ਵਿਚ ਇਮਰਾਨ ਅਤੇ ਬੁਸ਼ਰਾ ਨੂੰ ਸਜ਼ਾ ਹੋਈ ਹੈ, ਉਸ ਦੀ ਪਹਿਲੀ ਖ਼ਬਰ ਪਾਕਿਸਤਾਨ ਦੇ ਮਸ਼ਹੂਰ ਪੱਤਰਕਾਰ ਉਮਰ ਚੀਮਾ ਨੇ ਦਿਤੀ ਸੀ। 6 ਜਨਵਰੀ 2018 ਨੂੰ ‘ਦਿ ਨਿਊਜ਼’ ਵਿਚ ਛਪੀ ਇਸ ਖਬਰ ਵਿਚ ਉਮਰ ਚੀਮਾ ਨੇ ਦਸਿਆ ਸੀ ਕਿ ਇਮਰਾਨ ਅਤੇ ਬੁਸ਼ਰਾ ਦਾ ਵਿਆਹ 1 ਜਨਵਰੀ ਨੂੰ ਹੋਇਆ ਸੀ। ਇਸ ਤੋਂ ਬਾਅਦ 5 ਮਾਰਚ ਨੂੰ ਉਮਰ ਚੀਮਾ ਨੇ ਅਪਣੀ ਖ਼ਬਰ 'ਚ ਦਸਿਆ ਕਿ ਵਿਆਹ ਦੇ ਸਮੇਂ ਬੁਸ਼ਰਾ ਦੀ ਇੱਦਤ (ਤਲਾਕਸ਼ੁਦਾ ਇਸਤਰੀ ਜਾਂ ਵਿਧਵਾ ਲਈ ਪਰਖ ਦੀ ਉਹ ਕਾਨੂੰਨੀ ਮੁੱਦਤ ਜੋ ਉਸ ਨੂੰ ਮੁੜ ਵਿਆਹ ਕਰਾਉਣ ਤੋਂ ਪਹਿਲਾਂ ਕਟਣੀ ਪੈਂਦੀ ਹੈ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਉਹ ਗਰਭਵਤੀ ਹੈ ਜਾਂ ਨਹੀਂ) ਦਾ ਸਮਾਂ ਪੂਰਾ ਨਹੀਂ ਹੋਇਆ ਸੀ।
ਉਮਰ ਚੀਮਾ ਨੂੰ ਕਿਵੇਂ ਮਿਲੀ ਵਿਆਹ ਬਾਰੇ ਜਾਣਕਾਰੀ
ਉਮਰ ਚੀਮਾ ਨੇ ਇਕ ਇੰਟਰਵਿਊ ਦੌਰਾਨ ਦਸਿਆ ਕਿ ਉਸ ਨੂੰ ਸਾਰੀਆਂ ਚੀਜ਼ਾਂ ਸਪੱਸ਼ਟ ਸਨ, ਇਸ ਲਈ ਹੀ ਉਸ ਨੇ ਵਿਆਹ ਬਾਰੇ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਸੀ। ਹਾਲਾਂਕਿ ਇਮਰਾਨ ਖ਼ਾਨ ਨੇ 1 ਜਨਵਰੀ ਨੂੰ ਵਿਆਹ ਹੋਣ ਦੀ ਖ਼ਬਰ ਨੂੰ ਖਾਰਜ ਕਰ ਦਿਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਵਿਆਹ 18 ਫਰਵਰੀ ਨੂੰ ਹੋਇਆ ਸੀ। ਬੁਸ਼ਰਾ ਦੀ ਇਕ ਦੋਸਤ ਫਰਹਾ ਨੇ ਵੀ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਸ ਦਾ ਵਿਆਹ 18 ਫਰਵਰੀ ਨੂੰ ਹੋਇਆ ਹੈ ਕਿਉਂਕਿ ਬੁਸ਼ਰਾ ਦੀ ਇੱਦਤ 14 ਫਰਵਰੀ ਨੂੰ ਪੂਰੀ ਹੋਣੀ ਸੀ।
ਇਸ ਤੋਂ ਬਾਅਦ ਪੱਤਰਕਾਰ ਨੂੰ ਜਾਣਕਾਰੀ ਮਿਲੀ ਕਿ ਨਿਕਾਹ ਕਰਵਾਉਣ ਵਾਲੇ ਮੌਲਵੀ ਵੀ ਪਰੇਸ਼ਾਨ ਹਨ। ਉਨ੍ਹਾਂ ਨੂੰ ਵੀ ਇਹੀ ਕਿਹਾ ਗਿਆ ਸੀ ਕਿ 1 ਜਨਵਰੀ ਨੂੰ ਵਿਆਹ ਹੋਣ ਦੀ ਗੱਲ ਕਿਤੇ ਨਹੀਂ ਜਾਣੀ ਚਾਹੀਦੀ। ਪੱਤਰਕਾਰ ਨੇ ਦਸਿਆ ਕਿ ਉਨ੍ਹਾਂ ਨੇ ਮੌਲਵੀ ਤੋਂ ਇਲਾਵਾ ਕਈ ਲੋਕਾਂ ਨਾਲ ਗੱਲ ਕੀਤੀ ਪਰ ਇਮਰਾਨ ਖ਼ਾਨ ਸੱਚ ਮੰਨਣ ਲਈ ਤਿਆਰ ਨਹੀਂ ਸਨ। ਉਨ੍ਹਾਂ ਵਿਰੁਧ ਪ੍ਰੋਪਗੰਡਾ ਚਲਾਇਆ ਗਿਆ, ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਕੇਸ ਅਦਾਲਤ ਤਕ ਪਹੁੰਚ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਗੱਲ ਕੀਤੀ। ਜਦੋਂ ਮਾਮਲੇ ਕੋਰਟ ਵਿਚ ਪਹੁੰਚਿਆ ਤਾਂ ਮੌਲਵੀ ਇਮਰਾਨ ਖ਼ਾਨ ਅਤੇ ਬੁਸ਼ਰਾ ਬੀਬੀ ਵਿਰੁਧ ਗਵਾਹ ਵਜੋਂ ਖੜ੍ਹੇ ਹੋਏ। ਅਖੀਰ ਵਿਚ ਦੋਹਾਂ ਨੂੰ ਮੰਨਣਾ ਪਿਆ ਕਿ ਵਿਆਹ 1 ਜਨਵਰੀ ਨੂੰ ਹੋਇਆ ਸੀ। ਉਨ੍ਹਾਂ ਦਾ ਤਰਕ ਸੀ ਕਿ ਇੱਦਤ ਪਹਿਲਾਂ ਹੀ ਪੂਰੀ ਹੋ ਗਈ ਸੀ ਪਰ ਉਨ੍ਹਾਂ ਕੋਲ ਕੋਈ ਪੱਕਾ ਸਬੂਤ ਨਹੀਂ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਦੇ ਨਾਲ ਹੀ ਬੁਸ਼ਰਾ ਦੇ ਸਾਬਕਾ ਪਤੀ ਖਵਾਰ ਫਰੀਦ ਮੇਨਕਾ ਕੋਲ ਦਸਤਾਵੇਜ਼ ਸਨ ਕਿ ਉਨ੍ਹਾਂ ਦਾ ਤਲਾਕ 14 ਨਵੰਬਰ 2017 ਨੂੰ ਹੋਇਆ ਸੀ। ਇੱਦਤ ਦੀ ਮਿਆਦ 14 ਫਰਵਰੀ 2018 ਨੂੰ ਖਤਮ ਹੋਣੀ ਸੀ। ਅਦਾਲਤ ਨੇ ਖਾਵਰ ਫਰੀਦ ਮੇਨਕਾ ਦੇ ਦਸਤਾਵੇਜ਼ ਨੂੰ ਸਹੀ ਮੰਨਦਿਆਂ ਇਮਰਾਨ-ਬੁਸ਼ਰਾ ਨੂੰ ਸਜ਼ਾ ਸੁਣਾਈ।
ਉਮਰ ਚੀਮਾ ਨੇ ਦਸਿਆ ਕਿ ਇਹ ਖ਼ਬਰ ਪ੍ਰਕਾਸ਼ਿਤ ਕਰਵਾਉਣ ਵਿਚ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੋਈ। ਉਨ੍ਹਾਂ ਦਾ ਰਿਕਾਰਡ ਹੈ ਕਿ ਉਹ ਬਿਨਾਂ ਪੁਸ਼ਟੀ ਕੋਈ ਕੰਮ ਨਹੀਂ ਕਰਦੇ। ਉਮਰ ਚੀਮਾ ਦਾ ਕਹਿਣਾ ਹੈ, “ਮੈਂ ਪੱਤਰਕਾਰਾਂ ਨੂੰ ਅਕਸਰ ਕਹਿੰਦਾ ਹਾਂ ਕਿ ਤੁਹਾਡੇ ਕੋਲ ਜਿੰਨੀ ਵੱਡੀ ਜਾਣਕਾਰੀ ਆਉਂਦੀ ਹੈ, ਉਸ ਨੂੰ ਓਨਾ ਹੀ ਸ਼ੱਕ ਦੀ ਨਜ਼ਰ ਨਾਲ ਦੇਖੋ। ਖ਼ਬਰ ਗਲਤ ਹੋਣ ਦੀ ਪੂਰੀ ਸੰਭਾਵਨਾ ਰਹਿੰਦੀ ਹੈ”।
ਉਮਰ ਚੀਮਾ ਨੇ ਦਸਿਆ ਕਿ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਕੋਈ ਧਮਕੀ ਨਹੀਂ ਮਿਲੀ ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਇਮਰਾਨ ਖ਼ਾਨ ਨੇ ਕਿਸੇ ਨੂੰ ਉਨ੍ਹਾਂ ਵਿਚ ਗੱਡੀ ਮਾਰਨ ਲਈ ਕਿਹਾ ਹੈ ਤਾਂ ਉਨ੍ਹਾਂ ਨੇ ਜ਼ਿਆਦਾ ਸਮਾਂ ਨਾ ਲੈਂਦਿਆਂ ਖ਼ਬਰ ਪ੍ਰਕਾਸ਼ਿਤ ਕਰ ਦਿਤੀ। ਅਦਾਲਤ ਦੇ ਫ਼ੈਸਲੇ ਬਾਰੇ ਉਮਰ ਚੀਮਾ ਦਾ ਕਹਿਣਾ ਹੈ ਕਿ ਉਸ ਨੂੰ ਇਹ ਖ਼ਬਰ ਯਾਦ ਤਕ ਨਹੀਂ ਸੀ ਪਰ ਜਦੋਂ ਅਦਾਲਤ ਦਾ ਫ਼ੈਸਲਾ ਆਇਆ ਤਾਂ ਯਾਦ ਆਇਆ ਕਿ ਇਹ ਖ਼ਬਰ ਤਾਂ ਮੇਰੀ ਸੀ।
(For more Punjabi news apart from Pakistan News: This journalist revealed Imran Khan's illegal marriage, stay tuned to Rozana Spokesman)