
ਰਾਸ਼ਟਰਪਤੀ ਫੇਲਿਕਸ ਤਿਸੇਕਦੀ ਨੇ ਪੀੜਤਾਂ ਦੀ ਯਾਦ ਵਿਚ ਸੋਮਵਾਰ ਨੂੰ ਰਾਸ਼ਟਰੀ ਸੋਗ ਦਾ ਐਲਾਨ ਕੀਤਾ
ਕਾਲੇਹੇ: ਪੂਰਬੀ ਕਾਂਗੋ ਵਿਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 200 ਤੋਂ ਵੱਧ ਹੋ ਗਈ ਹੈ ਅਤੇ ਕਈ ਲੋਕ ਅਜੇ ਵੀ ਲਾਪਤਾ ਹਨ। ਦੱਖਣੀ ਕਿਵੂ ਦੇ ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।ਹੜ੍ਹ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਾਲੇਹੇ ਦੇ ਪ੍ਰਸ਼ਾਸਕ ਥਾਮਸ ਬੇਕੇਂਗ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨੂੰ ਦਸਿਆ ਕਿ ਹੁਣ ਤੱਕ 203 ਲਾਸ਼ਾਂ ਮਿਲੀਆਂ ਹਨ ਅਤੇ ਬਾਕੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਯਮੁਕੁਬੀ ਪਿੰਡ ਵਿਚ ਸੈਂਕੜੇ ਘਰ ਹੜ੍ਹ ਦੇ ਪਾਣੀ ਵਿਚ ਵਹਿ ਗਏ, ਕਿਉਂਕਿ ਬਚਾਅ ਕਰਮਚਾਰੀ ਅਤੇ ਹੋਰ ਲੋਕ ਸ਼ਨੀਵਾਰ ਤੋਂ ਲਾਸ਼ਾਂ ਦੀ ਭਾਲ ਲਈ ਮਲਬੇ ਨੂੰ ਖੋਦ ਰਹੇ ਸਨ। ਹੜ੍ਹ ਪ੍ਰਭਾਵਿਤ ਐਨੋਰੀਟ ਜਿਕੁਜੁਵਾ ਨੇ ਕਿਹਾ ਕਿ ਉਸ ਨੇ ਆਪਣੇ ਸਹੁਰੇ ਸਮੇਤ ਆਪਣਾ ਪੂਰਾ ਪਰਿਵਾਰ ਗੁਆ ਦਿਤਾ ਹੈ। ਉਨ੍ਹਾਂ ਦੇ ਕਈ ਗੁਆਂਢੀ ਵੀ ਮਾਰੇ ਗਏ ਹਨ। ਉਸ ਨੇ ਕਿਹਾ, “ਪੂਰਾ ਪਿੰਡ ਬੰਜਰ ਜ਼ਮੀਨ ਵਿਚ ਬਦਲ ਗਿਆ ਹੈ। ਹਰ ਪਾਸੇ ਸਿਰਫ਼ ਪੱਥਰ ਹੀ ਹਨ ਅਤੇ ਅਸੀਂ ਇਹ ਵੀ ਨਹੀਂ ਦੱਸ ਸਕਦੇ ਕਿ ਸਾਡੀ ਜ਼ਮੀਨ ਕਿਥੇ ਸੀ।ਮਲਬੇ ਵਿਚ ਦਬੀਆਂ ਲਾਸ਼ਾਂ ਦੀ ਖੋਜ ਕਰ ਰਹੇ ਇੱਕ ਬਚਾਅ ਕਰਮਚਾਰੀ ਨੇ ਕਿਹਾ ਕਿ ਪਿੰਡ ਵਾਸੀ ਲਾਸ਼ਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਦਖਣੀ ਕਿਵੂ ਦੇ ਗਵਰਨਰ ਥੋ ਨਗਵਾਬਿਡਜ਼ੇ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਖੇਤਰ ਦਾ ਦੌਰਾ ਕੀਤਾ। ਉਨ੍ਹਾਂ ਟਵੀਟ ਕੀਤਾ ਕਿ ਸੂਬਾਈ ਸਰਕਾਰ ਨੇ ਪੀੜਤਾਂ ਨੂੰ ਮੈਡੀਕਲ ਸਪਲਾਈ ਅਤੇ ਭੋਜਨ ਮੁਹਈਆ ਕਰਵਾਇਆ ਹੈ। ਮੀਂਹ ਅਤੇ ਹੜ੍ਹਾਂ ਕਾਰਨ ਪ੍ਰਭਾਵਿਤ ਇਲਾਕਿਆਂ ਨੂੰ ਜਾਣ ਵਾਲੀਆਂ ਕਈ ਮੁਖ ਸੜਕਾਂ ਬੰਦ ਹੋ ਗਈਆਂ ਹਨ, ਜਿਸ ਕਾਰਨ ਰਾਹਤ ਸਮੱਗਰੀ ਪਹੁੰਚਾਉਣ ਵਿਚ ਮੁਸ਼ਕਲ ਆਈ ਹੈ। ਰਾਸ਼ਟਰਪਤੀ ਫੇਲਿਕਸ ਤਿਸੇਕਦੀ ਨੇ ਪੀੜਤਾਂ ਦੀ ਯਾਦ ਵਿਚ ਸੋਮਵਾਰ ਨੂੰ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਅਤੇ ਕੇਂਦਰ ਸਰਕਾਰ ਸੂਬਾਈ ਸਰਕਾਰ ਦੀ ਮਦਦ ਲਈ ਦਖਣੀ ਕਿਵੂ ਵਿਚ ਇੱਕ ਆਫ਼ਤ ਪ੍ਰਬੰਧਨ ਟੀਮ ਭੇਜ ਰਹੀ ਹੈ।