
ਕੈਨੇਡੀਅਨ ਸੰਸਦੀ ਪੈਨਲ ਦੀ ਰਿਪੋਰਟ ਵਿਚ ਲਾਇਆ ਗਿਆ ਦੋਸ਼
Canada Vs India : ਚੰਡੀਗੜ੍ਹ (ਮਹਿਤਾਬ-ਉਦ-ਦੀਨ): ਕੈਨੇਡੀਅਨ ਸੰਸਦ ਦੇ ਵਿਸ਼ੇਸ਼ ਪੈਨਲ ਨੇ ਅਪਣੀ ਇਕ ਤਾਜ਼ਾ ਰਿਪੋਰਟ ’ਚ ‘ਭਾਰਤ ਨੂੰ ਕੈਨੇਡਾ ਦੇ ਲੋਕਤੰਤਰ ਲਈ ਵਡਾ ਖ਼ਤਰਾ’ ਕਰਾਰ ਦਿਤਾ ਹੈ। ਇਹ ਰਿਪੋਰਟ ਸੰਸਦ ’ਚ ਪੇਸ਼ ਹੋਣ ਦੇ ਤੁਰੰਤ ਬਾਅਦ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕ ਸਭਾ ਚੋਣਾਂ ’ਚ ਜਿਤਣ ’ਤੇ ਵਧਾਈ ਦਿਤੀ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਵੀਰਵਾਰ ਦੀ ਸਵੇਰ ਨੂੰ ’ਐਕਸ’ (ਸਾਬਕਾ ਟਵਿਟਰ) ’ਤੇ ਜਾਰੀ ਕੀਤੇ ਸੁਨੇਹੇ ਨੇ ਸਭਨਾਂ ਦਾ ਧਿਆਨ ਖਿਚਿਆ ਹੈ ਕਿਉਂਕਿ ਹਾਲੇ ਸਿਰਫ਼ ਕੁਝ ਦਿਨ ਪਹਿਲਾਂ ਹੀ ਕੈਨੇਡੀਅਨ ਸੰਸਦ ਦੇ ਇਕ ਉਚ–ਪਧਰੀ ਪੈਨਲ ਨੇ ਅਪਣੀ ਲੰਮੇਰੀ ਜਾਂਚ ਤੋਂ ਬਾਅਦ ਇਹ ਸਿੱਟਾ ਕਢਿਆ ਸੀ ਕਿ – ’ਕੈਨੇਡਾ ਦੀ ਜਮਹੂਰੀਅਤ ਲਈ ਚੀਨ ਤੋਂ ਬਾਅਦ ਭਾਰਤ ਦੂਜਾ ਵਡਾ ਵਿਦੇਸ਼ੀ ਖ਼ਤਰਾ ਹੈ।’
ਕੈਨੇਡਾ ਪਹਿਲਾਂ ਚੀਨ ਤੋਂ ਬਾਅਦ ਰੂਸ ਨੂੰ ਅਪਣੇ ਲਈ ਦੂਜਾ ਵੱਡਾ ਖ਼ਤਰਾ ਮੰਨਦਾ ਸੀ ਪਰ ਦੂਜਾ ਸਥਾਨ ਹੁਣ ਭਾਰਤ ਨੂੰ ਦੇ ਦਿਤਾ ਗਿਆ ਹੈ। ਦਰਅਸਲ, ਪਿਛਲੇ ਵਰ੍ਹੇ ਜਦ ਤੋਂ ਕੈਨੇਡਾ ’ਚ ਖ਼ਾਲਿਸਤਾਨੀ ਵਿਚਾਰਧਾਰਾ ਵਾਲੇ ਹਰਦੀਪ ਸਿੰਘ ਦਾ ਕਤਲ ਹੋਇਆ ਹੈ, ਤਦ ਤੋਂ ਜਸਟਿਨ ਟਰੂਡੋ ਨੇ ਭਾਰਤ ਖ਼ਿਲਾਫ਼ ਵਡਾ ਸਟੈਂਡ ਲਿਆ ਹੋਇਆ ਹੈ। ਦਰਅਸਲ, ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ’ਉਸ ਦੀ ਧਰਤੀ ਉਤੇ ਨਿੱਝਰ ਦਾ ਕਤਲ ਭਾਰਤ ਸਰਕਾਰ ਨੇ ਕਰਵਾਇਆ ਹੈ’। ਭਾਰਤ ਸਰਕਾਰ ਅਰੰਭ ਤੋਂ ਹੀ ਕੈਨੇਡਾ ਸਰਕਾਰ ਦੇ ਅਜਿਹੇ ਦੋਸ਼ਾਂ ਨੂੰ ਨਕਾਰਦਾ ਆਇਆ ਹੈ।
ਪਰ ਹੁਣ ਅਪਣੇ ਵਧਾਈ ਸੰਦੇਸ਼ ’ਚ ਟਰੂਡੋ ਨੇ ਆਖਿਆ ਹੈ ਕਿ ਉਨ੍ਹਾਂ ਦਾ ਦੇਸ਼ ਆਪਸੀ ਰਿਸ਼ਤਿਆਂ ’ਚ ਸੁਧਾਰ ਲਿਆਉ ਲਈ ਮਨੁਖੀ ਅਧਿਕਾਰਾਂ, ਵਿਭਿੰਨਤਾ ਤੇ ਕਾਨੂੰਨ ਲਈ ਮੋਦੀ ਸਰਕਾਰ ਨੇ ਮਿਲ ਕੇ ਕੰਮ ਕਰਨ ਲਈ ਤਿਆਰ ਹੈ। ’ਚੋਣਾਂ ’ਚ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਬਾਰਕਾਂ।’ ਇਥੇ ਇਹ ਦਸਣਾ ਵੀ ਜ਼ਰੂਰੀ ਹੈ ਕਿ ਭਾਰਤ ਦੀ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਸਾਲ 2020 ’ਚ ਹਰਦੀਪ ਸਿੰਘ ਨਿੱਝਰ ਨੂੰ ਇਕ ਦਹਿਸ਼ਤਗਰਦ ਕਰਾਰ ਦਿਤਾ ਸੀ। ਪਿਛਲੇ ਵਰ੍ਹੇ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ ਇਕ ਗੁਰਦਵਾਰਾ ਸਾਹਿਬ ਦੇ ਬਾਹਰ ਨਿੱਝਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ।
ਉਸ ਕਤਲ ਕਾਂਡ ਦੀ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਜਸਟਿਨ ਟਰੂਡੋ ਨੇ ਆਖਿਆ ਸੀ ਕਿ ਉਨ੍ਹਾਂ ਦੀ ਸਰਕਾਰ ਕਿਸੇ ਹੋਰ ਦੇਸ਼ ਦੇ ਦਖ਼ਲ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਇਹ ਰਿਪੋਰਟ ਹਾਲੇ ਬੀਤੇ ਮਈ ਮਹੀਨੇ ਹੀ ਪ੍ਰਧਾਨ ਮੰਤਰੀ ਦਫ਼ਤਰ ਨੂੰ ਸੌਂਪੀ ਗਈ ਸੀ ਤੇ ਇਸੇ ਹਫ਼ਤੇ ਇਸ ਨੂੰ ਕੈਨੇਡੀਅਨ ਸੰਸਦ ਸਾਹਵੇਂ ਰਖਿਆ ਗਿਆ ਸੀ। ਇਸ ਵਿਚ ਚੀਨ ਨੂੰ ਕੈਨੇਡਾ ਦੀ ਜਮਹੂਰੀਅਤ ਲਈ ਸੱਭ ਤੋਂ ਵਡਾ ਖ਼ਤਰਾ ਕਰਾਰ ਦਿਤਾ ਗਿਆ ਹੈ। ਹੁਣ ਇਹ ਵੇਖਣਾ ਵਧੇਰੇ ਦਿਲਚਸਪ ਹੋਵੇਗਾ ਕਿ ਕੀ ਭਾਰਤ ਨੂੰ ਅਪਣੇ ਲਈ ਦੂਜਾ ਵਡਾ ਖ਼ਤਰਾ ਮੰਨਣ ਵਾਲਾ ਦੇਸ਼ ਕੈਨੇਡਾ ਹੁਣ ਮੋਦੀ ਸਰਕਾਰ ਨਾਲ ਰਿਸ਼ਤਿਆਂ ਨੂੰ ਕਿੰਨਾ ਕੁ ਸੁਧਾਰ ਸਕੇਗਾ!