
Toronto/Washington : ਅਮਰੀਕਾ-ਮੈਕਸੀਕੋ-ਕੈਨੇਡਾ ਸਮਝੌਤੇ ਪ੍ਰਤੀ ਅਪਣੀ ਵਚਨਬੱਧਤਾ ਦੁਹਰਾਈ
Toronto/Washington News in Punjabi : ਅਮਰੀਕਾ ਨੇ ਕੈਨੇਡਾ ’ਤੇ ਪਹਿਲਾਂ ਤੋਂ ਲਗਾਏ ਗਏ 25 ਫ਼ੀ ਸਦੀ ਟੈਰਿਫ਼ ਨੂੰ ਵਧਾ ਕੇ 35 ਫ਼ੀ ਸਦੀ ਕਰ ਦਿਤਾ ਹੈ। ਇਸ ਐਲਾਨ ਮਗਰੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਬ੍ਰਿਟਿਸ਼ ਕੋਲੰਬੀਆ ਵਿਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ, ‘ਅਸੀਂ ਉਦੋਂ ਬੋਲਾਂਗੇ. ਜਦੋਂ ਗੱਲ ਕਰਨ ਦਾ ਕੋਈ ਮਤਲਬ ਹੋਵੇਗਾ। ਕਾਰਨੀ ਮੁਤਾਬਕ, ‘ਕੈਨੇਡਾ ਅੱਜ ਅਮਰੀਕਾ ਵਿਚ ਦੂਜਾ ਸੱਭ ਤੋਂ ਵੱਡਾ ਨਿਵੇਸ਼ਕ ਹੈ। ਸਾਡੇ ਕੋਲ 40 ਮਿਲੀਅਨ ਨਾਗਰਿਕ ਹਨ ਪਰ ਬਿਨਾਂ ਕਿਸੇ ਸਮਝੌਤੇ ਦੇ ਵਪਾਰ ਵਿਚ ਜ਼ਰੂਰ ਗਿਰਾਵਟ ਆਵੇਗੀ।’
ਉਧਰ ਵ੍ਹਾਈਟ ਹਾਊਸ ਅਨੁਸਾਰ ਉਕਤ ਟੈਰਿਫ਼ ਦਾ ਫ਼ੈਸਲਾ ਕੈਨੇਡਾ ਦੀ ਲਗਾਤਾਰ ਅਕਿਰਿਆਸ਼ੀਲਤਾ ਅਤੇ ਜਵਾਬੀ ਕਾਰਵਾਈ ਤਹਿਤ ਲਿਆ ਗਿਆ ਹੈ। ਟਰੰਪ ਨੇ ਦਾਅਵਾ ਕੀਤਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 1 ਅਗੱਸਤ ਦੀ ਆਖ਼ਰੀ ਮਿਤੀ ਤੋਂ ਪਹਿਲਾਂ ਗੱਲਬਾਤ ਲਈ ਬੁਲਾਇਆ ਸੀ ਪਰ ਕੋਈ ਗੱਲਬਾਤ ਨਹੀਂ ਹੋ ਸਕੀ। ਪ੍ਰੈੱਸ ਕਾਨਫ਼ਰੰਸ ਵਿਚ ਟਰੰਪ ਨੇ ਕਿਹਾ, ‘ਅਸੀਂ ਅੱਜ ਕੈਨੇਡਾ ਨਾਲ ਗੱਲ ਨਹੀਂ ਕੀਤੀ। ਕਾਰਨੀ ਪਹਿਲਾਂ ਹੀ ਗੱਲਬਾਤ ਲਈ ਬੁਲਾ ਚੁੱਕੇ ਹਨ, ਦੇਖਦੇ ਹਾਂ ਕੀ ਹੁੰਦਾ ਹੈ।’ ਟਰੰਪ ਨੇ ਚੇਤਾਵਨੀ ਦਿਤੀ ਹੈ ਕਿ ਕੋਈ ਵੀ ਦੇਸ਼ ਜੋ ਸ਼ੁੱਕਰਵਾਰ ਤੋਂ ਪਹਿਲਾਂ ਅਮਰੀਕਾ ਨਾਲ ਕੋਈ ਸੌਦਾ ਨਹੀਂ ਕਰਦਾ ਹੈ, ਉਸ ਦੇ ਸਾਮਾਨ ’ਤੇ ਉਚ ਟੈਰਿਫ਼ ਲਗਾਏ ਜਾਣਗੇ।
ਕੈਨੇਡਾ ਦੇ ਵਿੱਤ ਮੰਤਰੀ ਫ਼ਰਾਂਸੋਇਸ-ਫ਼ਿਲਿਪ ਸ਼ੈਂਪੇਨ ਨੇ ਕਿਹਾ ਕਿ ਹੁਣ ਦੇਸ਼ ਅਜਿਹੇ ਵਪਾਰਕ ਭਾਈਵਾਲਾਂ ਦੀ ਭਾਲ ਕਰ ਰਿਹਾ ਹੈ ਜਿਨ੍ਹਾਂ ’ਤੇ ਭਰੋਸਾ ਕੀਤਾ ਜਾ ਸਕੇ। ਉਨ੍ਹਾਂ ਨੇ ਇਹ ਗੱਲ ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨਾਲ ਮੁਲਾਕਾਤ ਦੌਰਾਨ ਕਹੀ। ਕਾਰਨੀ ਨੇ ਕਿਹਾ ਕਿ ਪਿਛਲੇ ਹਫ਼ਤੇ ਟਰੰਪ ਨੇ ਅਮਰੀਕਾ-ਮੈਕਸੀਕੋ-ਕੈਨੇਡਾ ਸਮਝੌਤੇ ਪ੍ਰਤੀ ਅਪਣੀ ਵਚਨਬੱਧਤਾ ਦੁਹਰਾਈ ਸੀ। ਇਸ ਸਮਝੌਤੇ ਤਹਿਤ ਕੈਨੇਡਾ ਨੂੰ ਅਪਣੇ 85 ਫ਼ੀ ਸਦੀ ਨਿਰਯਾਤ ’ਤੇ ਅਮਰੀਕਾ ਤਕ ਡਿਊਟੀ-ਮੁਕਤ ਪਹੁੰਚ ਮਿਲਦੀ ਹੈ। ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਿਚਕਾਰ ਵਪਾਰ ਸਮਝੌਤਾ ਇਨ੍ਹਾਂ ਟੈਰਿਫ ਦਰਾਂ ਵਿਰੁਧ ਹੈ। ਵਰਤਮਾਨ ਵਿਚ ਕੈਨੇਡੀਅਨ ਸਟੀਲ, ਐਲੂਮੀਨੀਅਮ ਅਤੇ ਤਾਂਬੇ ’ਤੇ 50 ਫ਼ੀ ਸਦੀ ਤਕ ਡਿਊਟੀ ਲਗਾਈ ਗਈ ਹੈ, ਜੋ ਸਮਝੌਤੇ ਦੇ ਨਿਯਮਾਂ ਦੀ ਉਲੰਘਣਾ ਕਰਦੀ ਹੈ।
(For more news apart from Mark Carney speaks out on Trump's imposition heavy tariffs News in Punjabi, stay tuned to Rozana Spokesman)