
ਭਾਰੀ ਮਾਤਰਾ ਵਿਚ ਫ਼ਸਲ ਹੋਈ ਬਰਬਾਦ, ਭੁੱਖਮਰੀ ਦਾ ਖ਼ਦਸ਼ਾ
ਪੇਈਚਿੰਗ, 7 ਸਤੰਬਰ: ਚੀਨ ਵਿਚ ਭਿਆਨਕ ਹੜ੍ਹ ਨਾਲ 200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਾਂ ਲਾਪਤਾ ਹਨ । ਇੰਨਾ ਹੀ ਨਹੀਂ, ਇਸ ਕੁਦਰਤੀ ਆਫ਼ਤ ਨਾਲ ਚੀਨ ਨੂੰ ਸਿੱਧੇ ਤੌਰ ਉਤੇ 25.7 ਅਰਬ ਅਮਰੀਕੀ ਡਾਲਰ ਦਾ ਨੁਕਸਾਨ ਪਹੁੰਚਿਆਂ ਹੈ ਜੋ ਕਿ ਪਿਛਲੇ 5 ਸਾਲਾਂ ਵਿਚ ਹੋਏ ਔਸਤ ਨੁਕਸਾਨ ਨਾਲੋਂ 15.9 ਫ਼ੀ ਸਦੀ ਜ਼ਿਆਦਾ ਹੈ। ਭਾਵੇਂ ਹੜ੍ਹ ਦੇ ਪ੍ਰਭਾਵ ਤੋਂ ਵੱਡੇ ਸ਼ਹਿਰ ਜ਼ਿਆਦਾਤਰ ਸੁਰੱਖਿਅਤ ਹੀ ਰਹੇ, ਪਰ ਵੁਹਾਨ ਵਿਚ ਕੋਰੋਨਾ ਮਹਾਂਮਾਰੀ ਫੈਲਣ ਤੋਂ ਬਾਅਦ ਦੇਸ਼ ਵਿਚ ਪਹਿਲਾਂ ਤੋਂ ਹੀ ਹੋਏ ਆਰਥਿਕ ਨੁਕਸਾਨ ਨੂੰ ਹੜ੍ਹ ਨੇ ਹੋਰ ਵਧਾ ਦਿਤਾ ਹੈ। ਹੜ੍ਹ ਕਾਰਨ 54,000 ਘਰ ਤਬਾਹ ਹੋ ਗਏ ਹਨ । ਚੀਨ ਦੁਨੀਆ ਦੀ ਦੂਜੀ ਵੱਡੀ ਅਰਥ ਵਿਵਸਥਾ ਹੈ, ਪਰ ਦੇਸ਼ ਦੇ ਬਾਜ਼ਾਰ ਵਿਚ ਮੰਗ ਘੱਟ ਅਤੇ ਵਧਦੀਆਂ ਕੀਮਤਾਂ ਵਿਚਾਲੇ ਵਾਧਾ ਦਰ ਮੱਠੀ ਹੋਈ ਹੈ। 1950 ਤੋਂ ਚੀਨ ਨੇ ਦੁਨੀਆਂ ਦੇ 10 ਸੱਭ ਤੋਂ ਵਿਨਾਸ਼ਕਾਰੀ ਹੜ੍ਹਾਂ ਵਿਚੋਂ 3 ਨੂੰ ਵੇਖਿਆ ਹੈ।
ਬਲੂਮਬਰਗ ਦੀ ਰੀਪੋਰਟ ਅਨੁਸਾਰ, ਸ਼ਹਿਰਾਂ 'ਚ ਹੜ੍ਹ ਨਾਲ ਸਥਿਤੀ ਹੋਰ ਬਦਤਰ ਹੁੰਦੀ ਜਾ ਰਹੀ ਹੈ ਜੋ ਵਧਦੀ ਆਬਾਦੀ ਅਤੇ ਸ਼ਹਿਰੀਕਰਣ ਦੀਆਂ ਨੀਤੀਆਂ ਨੂੰ ਪੂਰਾ ਕਰਨ 'ਚ ਅਸਫ਼ਲਤਾ ਦਾ ਸੰਕੇਤ ਹੈ। ਪਿਛਲੇ ਮਹੀਨੇ ਯਾਂਗਤਸੀਕਿਆਂਗ ਨਦੀ 'ਤੇ ਦੁਨੀਆ ਦੇ ਸੱਭ ਤੋਂ ਵੱਡੇ ਪਣਬਿਜਲੀ ਬੰਨ੍ਹ, ਥ੍ਰੀ ਗੋਰਜੇਸ ਡੈਮ 'ਚ ਹੜ੍ਹ ਦਾ ਅਸਰ ਵੇਖਣ ਨੂੰ ਮਿਲਿਆ ਕਿਉਂਕਿ ਇਥੇ ਹੜ੍ਹ ਦਾ ਪਾਣੀ ਉਵਰਫਲੋਅ ਹੋ ਸਕਦਾ ਸੀ ਜਿਸ ਨਾਲ ਚੀਨ 'ਚ ਇਕ ਵੱਡੀ ਬਰਬਾਦੀ ਹੋ ਸਕਦੀ ਸੀ। ਉਥੇ ਹੀ ਹੜ੍ਹ ਕਾਰਨ ਚੀਨ 'ਚ ਭਾਰੀ ਮਾਤਰਾ ਵਿਚ ਫ਼ਸਲ ਵੀ ਬਰਬਾਦ ਹੋਈ ਹੈ ਜਿਸ ਨਾਲ ਚੀਨ ਨੂੰ ਆਉਣ ਵਾਲੇ ਦਿਨਾਂ 'ਚ ਅਪਣੇ ਲੋਕਾਂ ਦਾ ਢਿੱਡ ਭਰਨਾ ਮੁਸ਼ਕਲ ਹੋ ਸਕਦਾ ਹੈ ਅਤੇ ਇਥੇ ਭੁੱਖਮਰੀ ਦਾ ਪੂਰਾ ਖ਼ਦਸ਼ਾ ਹੈ। ਦੁਨੀਆਂ ਦੀ 22 ਫ਼ੀ ਸਦੀ ਆਬਾਦੀ ਚੀਨ 'ਚ ਰਹਿੰਦੀ ਹੈ ਅਤੇ ਉਸ ਕੋਲ ਵਿਸ਼ਵ ਦੀ ਸਿਰਫ਼ 7 ਫ਼ੀ ਸਦੀ ਵਾਹੀਯੋਗ ਜ਼ਮੀਨ ਹੈ ਜਿਸ ਦਾ ਰਕਬਾ 33.4 ਕਰੋੜ ਏਕੜ ਹੈ। (ਏਜੰਸੀ)