
New Zealand Time Change News: ਇਹ ਸਮਾਂ ਇਸੇ ਤਰ੍ਹਾਂ 06 ਅਪ੍ਰੈਲ 2025 ਤਕ ਜਾਰੀ ਰਹੇਗਾ
New Zealand's clocks will be one hour ahead From September 29: ਨਿਊਜ਼ੀਲੈਂਡ ਵਿਚ ਡੇਅ ਲਾਈਟ ਸੇਵਿੰਗ ਤਹਿਤ ਘੜੀਆਂ ਦਾ ਸਮਾਂ ਇਸ ਮਹੀਨੇ 29 ਸਤੰਬਰ ਦਿਨ ਐਤਵਾਰ ਨੂੰ ਤੜਕੇ ਸਵੇਰੇ 2 ਵਜੇ ਇਕ ਘੰਟਾ ਅੱਗੇ ਕਰ ਦਿਤਾ ਜਾਵੇਗਾ। ਇਸ ਦੇ ਨਾਲ ਹੀ ਛੇ ਕੁ ਮਹੀਨਿਆਂ ਦੀ ਚੱਲ ਰਹੀ ਡੇਅ ਲਾਈਟ ਸੇਵਿੰਗ ਸ਼ੁਰੂ ਹੋ ਜਾਵੇਗੀ।
ਇਹ ਸਮਾਂ ਇਸੇ ਤਰ੍ਹਾਂ 06 ਅਪ੍ਰੈਲ 2025 ਤਕ ਜਾਰੀ ਰਹੇਗਾ ਅਤੇ ਫਿਰ ਘੜੀਆਂ ਇਕ ਘੰਟਾ ਪਿੱਛੇ ਕਰ ਦਿਤੀਆਂ ਜਾਣਗੀਆਂ ਤੇ ਡੇਅ ਲਾਈਟ ਸੇਵਿੰਗ ਖ਼ਤਮ ਹੋਵੇਗੀ। ਆਮ ਤੌਰ ’ਤੇ ਲੋਕਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਉਹ ਇਕ ਦਿਨ ਪਹਿਲਾਂ ਯਾਨਿ ਕਿ ਸਨਿਚਰਵਾਰ (28 ਸਤੰਬਰ) ਨੂੰ ਸੌਣ ਤੋਂ ਪਹਿਲਾਂ ਅਪਣੀਆਂ ਚਾਬੀ ਵਾਲੀਆਂ ਘੜੀਆਂ ਤੇ ਕੰਧ ਘੜੀਆਂ (ਟਾਈਮਪੀਸ) ਇਕ ਘੰਟਾ ਅੱਗੇ ਕਰ ਲੈਣ ਤਾਂ ਕਿ ਉਨ੍ਹਾਂ ਨੂੰ ਸਵੇਰੇ ਉਠਣ ਸਾਰ ਬਦਲਿਆ ਹੋਇਆ ਸਮਾਂ ਮਿਲ ਸਕੇ।
ਸਮਾਰਟਫ਼ੋਨਾਂ ਉਤੇ ਇਹ ਸਮਾਂ ਅਕਸਰ ਅਪਣੇ ਆਪ ਬਦਲ ਜਾਂਦਾ ਹੈ। 29 ਸਤੰਬਰ ਨੂੰ ਸੂਰਜ ਸਵੇਰੇ 6.01 ਵਜੇ ਦੀ ਥਾਂ 6.59 ਉਤੇ ਚੜ੍ਹੇਗਾ ਅਤੇ ਸ਼ਾਮ 7.23 ਮਿੰਟ ਉਤੇ ਮਿਟੇਗਾ। 29 ਸਤੰਬਰ ਨੂੰ ਲੋਕਾਂ ਨੂੰ ਸੂਰਜ ਇਕ ਘੰਟਾ ਲੇਟ ਚੜਿ੍ਹਆ ਹੋਇਆ ਪ੍ਰਤੀਤ ਹੋਵੇਗਾ ਤੇ ਇਕ ਘੰਟਾ ਬਾਅਦ ਵਿਚ ਸੂਰਜ ਮਿਟਦਾ ਮਹਿਸੂਸ ਹੋਵੇਗਾ। ਦਿਨ ਦੀ ਲੰਬਾਈ ਰਹੇਗੀ 12 ਘੰਟੇ 23 ਮਿੰਟ ਅਤੇ 16 ਸੈਕਿੰਡ। ਬਦਲੇ ਹੋਏ ਸਮੇਂ ਅਨੁਸਾਰ ਜਦੋਂ ਭਾਰਤ ਵਿਚ ਦੁਪਹਿਰ ਦੇ 12 ਵਜਣਗੇ ਤਾਂ ਨਿਊਜ਼ੀਲੈਂਡ ਦੇ ਵਿਚ ਸ਼ਾਮ ਦੇ 7.30 ਹੋਇਆ ਕਰਨਗੇ ਜਾਂ ਕਹਿ ਲਈਏ ਜਦੋਂ ਨਿਊਜ਼ੀਲੈਂਡ ਦੁਪਹਿਰ ਦੇ 12 ਵਜੇ ਹੋਣਗੇ ਤਾਂ ਇੰਡੀਆ ਸਵੇਰ ਦੇ 4.30 ਹੋਇਆ ਕਰਨਗੇ।
ਆਸਟਰੇਲੀਆ (ਸਿਡਨੀ) ਵਿਚ ਵੀ 6 ਅਕਤੂਬਰ ਨੂੰ ਘੜੀਆਂ ਰਾਤ 2 ਵਜੇ ਇਕ ਘੰਟਾ ਅੱਗੇ ਹੋ ਜਾਣਗੀਆਂ ਅਤੇ ਇਹ ਬਦਲਿਆ ਸਮਾਂ 6 ਅਪ੍ਰੈਲ 2025 ਤਕ ਚੱਲੇਗਾ ਪਰ ਆਸਟਰੇਲੀਆ ਦੇ ਉਤਰੀ ਅਤੇ ਪੱਛਮੀ ਹਿਸਿਆਂ ਵਿਖੇ ਸਮਾਂ ਨਹੀਂ ਬਦਲਦਾ ਜਿਵੇਂ ਕਿ ਕੁਈਨਜ਼ਲੈਂਡ, ਨਾਰਦਰਨ ਟੈਰੇਟਰੀ ਅਤੇ ਵੈਸਟਰਨ ਆਸਟਰੇਲੀਆ। ਬਦਲੇ ਹੋਏ ਸਮੇਂ ਅਨੁਸਾਰ ਜਦੋਂ ਭਾਰਤ ਵਿਚ ਦੁਪਹਿਰ ਦੇ 12 ਵਜਣਗੇ ਤਾਂ ਸਿਡਨੀ ਤੇ ਮੈਲਬੌਰਨ ਦੇ ਵਿਚ ਸ਼ਾਮ ਦੇ 05.30 ਵਜੇ ਹੋਇਆ ਕਰਨਗੇ।