
ਯਾਗੀ ਇਸ ਸਾਲ ਦਾ 11ਵਾਂ ਤੂਫਾਨ ਹੈ ਜੋ ਸ਼ੁਕਰਵਾਰ ਨੂੰ ਚੀਨ ਦੇ ਤੱਟ ਨਾਲ ਟਕਰਾਇਆ
Typhoon Yaagi in China : ਦਖਣੀ ਚੀਨ ਦੇ ਟਾਪੂ ਸੂਬੇ ਹੈਨਾਨ ਦੇ ਤੱਟ ’ਤੇ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਤੂਫਾਨ ਯਾਗੀ ਦੀ ਮੌਤ ਹੋ ਗਈ ਅਤੇ 92 ਹੋਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।
ਯਾਗੀ ਇਸ ਸਾਲ ਦਾ 11ਵਾਂ ਤੂਫਾਨ ਹੈ ਜੋ ਸ਼ੁਕਰਵਾਰ ਨੂੰ ਚੀਨ ਦੇ ਤੱਟ ਨਾਲ ਟਕਰਾਇਆ ਹੈ। ਇਹ ਤੂਫਾਨ ਪਹਿਲਾਂ ਹੈਨਾਨ ’ਚ ਪਹੁੰਚਿਆ ਅਤੇ ਫਿਰ ਗੁਆਂਗਡੋਂਗ ਸੂਬੇ ’ਚ ਪਹੁੰਚਿਆ।
ਚੀਨ ਨੇ ਸ਼ੁਕਰਵਾਰ ਨੂੰ ‘ਰੈੱਡ ਅਲਰਟ‘ ਜਾਰੀ ਕੀਤਾ ਅਤੇ ਦਖਣੀ ਖੇਤਰ ਵਿਚ ਹੜ੍ਹਾਂ ਦੀ ਚੇਤਾਵਨੀ ਦਿਤੀ ਕਿਉਂਕਿ ਤੂਫਾਨ ਯਾਗੀ ਪਹਿਲਾਂ ਹੈਨਾਨ ਵਿਚ ਪਹੁੰਚਿਆ, ਫਿਰ ਦਖਣੀ ਗੁਆਂਗਡੋਂਗ ਸੂਬੇ ਵਿਚ ਅੱਗੇ ਵਧਿਆ ਅਤੇ ਚੀਨ ਦੇ ਗੁਆਂਗਸ਼ੀ ਝੁਆਂਗ ਖੁਦਮੁਖਤਿਆਰੀ ਖੇਤਰ ਅਤੇ ਉੱਤਰੀ ਵੀਅਤਨਾਮ ਵਿਚ ਪਹੁੰਚਣ ਦੀ ਉਮੀਦ ਹੈ।
ਹਾਂਗਕਾਂਗ ਸਥਿਤ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਖਬਰ ਮੁਤਾਬਕ ਪ੍ਰਭਾਵਤ ਇਲਾਕਿਆਂ ਤੋਂ 10 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਵਿਦਿਅਕ ਸੰਸਥਾਵਾਂ ਨੇ ਕਲਾਸਾਂ ਮੁਅੱਤਲ ਕਰ ਦਿਤੀਆਂ ਹਨ, ਕਾਰੋਬਾਰੀ ਅਦਾਰਿਆਂ ਨੂੰ ਬੰਦ ਕਰ ਦਿਤਾ ਹੈ ਅਤੇ ਸ਼ੁਕਰਵਾਰ ਨੂੰ 100 ਤੋਂ ਵੱਧ ਉਡਾਣਾਂ ਰੱਦ ਕਰ ਦਿਤੀਆਂ ਹਨ।
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡੀਉਜ਼ ’ਚ ਸੂਬੇ ’ਚ ਨਾਰੀਅਲ ਦੇ ਰੁੱਖਾਂ ਨੂੰ ਕੁਚਲਦੇ ਅਤੇ ਉਖਾੜਦੇ ਹੋਏ ਵਿਖਾਇਆ ਗਿਆ ਹੈ। ਹਰ ਪਾਸੇ ਬਿਲਬੋਰਡ ਡਿੱਗੇ ਹੋਏ ਹਨ ਅਤੇ ਵਾਹਨ ਪਲਟਦੇ ਨਜ਼ਰ ਆ ਰਹੇ ਹਨ।
ਹੈਨਾਨ ਮੌਸਮ ਵਿਗਿਆਨ ਸੇਵਾ ਦੇ ਅਨੁਸਾਰ, ਯਾਗੀ, ਜਿਸ ’ਚ ਕੇਂਦਰ ਬਿੰਦੂ ਦੇ ਨੇੜੇ ਲਗਭਗ 245 ਕਿਲੋਮੀਟਰ ਪ੍ਰਤੀ ਘੰਟਾ (152 ਮੀਲ ਪ੍ਰਤੀ ਘੰਟਾ) ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ, ਸ਼ੁਕਰਵਾਰ ਸ਼ਾਮ 4 ਵਜੇ ਦੇ ਕਰੀਬ ਵੇਨਚਾਂਗ ’ਚ ਪਹੁੰਚਿਆ। 1949 ਤੋਂ 2023 ਤਕ, ਹੈਨਾਨ ’ਚ 106 ਤੂਫਾਨ ਆਏ, ਪਰ ਸਿਰਫ ਨੌਂ ਨੂੰ ‘ਸੁਪਰ ਟਾਈਫੂਨ’ ਵਜੋਂ ਸ਼੍ਰੇਣੀਬੱਧ ਕੀਤਾ ਗਿਆ।
ਗੁਆਂਗਡੋਂਗ ਸੂਬੇ ਦੇ ਗਵਰਨਰ ਵਾਂਗ ਵੇਈਝੋਂਗ ਨੇ ਸਥਾਨਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਯਾਗੀ ਵਿਰੁਧ ਕੋਈ ਕਸਰ ਬਾਕੀ ਨਾ ਛੱਡਣ ਅਤੇ ਮੁਸ਼ਕਲ ਲੜਾਈ ਜਿੱਤਣ। ਤੂਫਾਨ ਨਾਲ ਸਨਿਚਰਵਾਰ ਨੂੰ ਪਛਮੀ ਗੁਆਂਗਡੋਂਗ ਸੂਬੇ ਅਤੇ ਪਰਲ ਰਿਵਰ ਡੈਲਟਾ ਵਿਚ ਭਾਰੀ ਬਾਰਸ਼ ਅਤੇ ਤੂਫਾਨ ਆਉਣ ਦੀ ਸੰਭਾਵਨਾ ਹੈ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਦੇ ਦਖਣੀ ਹਿੱਸਿਆਂ ’ਚ ਤੂਫਾਨ ਆਉਣ ਤੋਂ ਬਾਅਦ ਆਫ਼ਤ ਰਾਹਤ ਕਾਰਜਾਂ ਨੂੰ ਤੇਜ਼ ਕਰਨ ਦਾ ਸੱਦਾ ਦਿਤਾ ਹੈ।