
50 ਤੋਂ 70 ਸਾਲ ਦੀਆਂ ਔਰਤਾਂ ਦੇ ਖੋਹ ਲੈਂਦਾ ਸੀ ਗਹਿਣੇ, ਕਈਆਂ ਦੇ ਵੱਜੀਆਂ ਸੱਟਾਂ
ਸੈਨ ਫ਼ਰਾਂਸਿਸਕੋ - ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਘੱਟੋ-ਘੱਟ 14 ਹਿੰਦੂ ਔਰਤਾਂ ਇੱਕ ਵਿਅਕਤੀ ਦੇ ਹਮਲੇ ਦਾ ਸ਼ਿਕਾਰ ਹੋਈਆਂ, ਜੋ ਔਰਤਾਂ ਦੇ ਗਹਿਣਿਆਂ ਦੀ ਖਿੱਚ-ਧੂਹ ਕਰਦਾ ਸੀ। ਸਾਂਤਾ ਕਲਾਰਾ ਕਾਉਂਟੀ ਜ਼ਿਲ੍ਹਾ ਅਟਾਰਨੀ ਦਫ਼ਤਰ ਮੁਤਾਬਿਕ, 37 ਸਾਲਾ ਲੈਥਨ ਜੌਹਨਸਨ ਨੇ ਕਥਿਤ ਤੌਰ 'ਤੇ ਬਜ਼ੁਰਗ ਹਿੰਦੂ ਔਰਤਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਕਿਹਾ ਗਿਆ ਹੈ ਕਿ ਇਹ ਸਾਰਾ ਘਟਨਾਕ੍ਰਮ ਜੂਨ ਮਹੀਨੇ ਤੋਂ ਜਾਰੀ ਸੀ।
ਪਾਲੋ ਆਲਟੋ ਦੇ ਵਸਨੀਕ ਜਾਨਸਨ ਦੀਆਂ ਸ਼ਿਕਾਰ ਔਰਤਾਂ ਦੀ ਉਮਰ 50 ਤੋਂ 75 ਵਿਚਕਾਰ ਦੱਸੀ ਗਈ ਹੈ। ਉਸ ਦੀ ਵਜ੍ਹਾ ਕਰਕੇ ਕਈ ਔਰਤਾਂ ਗੰਭੀਰ ਰੂਪ 'ਚ ਜ਼ਖ਼ਮੀ ਵੀ ਹੋਈਆਂ। ਜਾਨਸਨ 'ਤੇ ਔਰਤਾਂ ਦੇ ਗਲ 'ਚੋਂ ਗਹਿਣੇ ਖਿੱਚਣ ਦਾ ਦੋਸ਼ ਲਗਾਇਆ ਗਿਆ। ਅਜਿਹੀ ਹੀ ਇੱਕ ਘਟਨਾ ਦੌਰਾਨ ਉਸ ਨੇ ਗਲ਼ 'ਚ ਪਾਇਆ ਹਾਰ ਖਿੱਚਣ ਦੌਰਾਨ ਕਥਿਤ ਤੌਰ 'ਤੇ ਇੱਕ ਔਰਤ ਨੂੰ ਜ਼ੋਰ ਨਾਲ ਧੱਕਾ ਦੇ ਕੇ ਜ਼ਮੀਨ 'ਤੇ ਸੁੱਟ ਦਿੱਤਾ, ਅਤੇ ਉਸ ਦੇ ਪਤੀ ਦੇ ਮੂੰਹ 'ਤੇ ਮੁੱਕਾ ਮਾਰ ਕੇ ਕਾਰ 'ਚ ਫ਼ਰਾਰ ਹੋ ਗਿਆ। ਇਸੇ ਤਰ੍ਹਾਂ ਦੇ ਇੱਕ ਹੋਰ ਮਾਮਲੇ ਵਿੱਚ, ਉਸ ਦੀ ਕੀਤੀ ਖਿੱਚ-ਧੂਹ ਕਾਰਨ ਇੱਕ ਔਰਤ ਦਾ ਗੁੱਟ ਵੀ ਟੁੱਟ ਗਿਆ ਸੀ।
ਜਾਨਸਨ ਨੂੰ ਸੈਂਟਾ ਕਲਾਰਾ ਪੁਲਿਸ ਵਿਭਾਗ ਅਤੇ ਯੂਐਸ ਮਾਰਸ਼ਲ ਦੇ ਦਫ਼ਤਰ ਵੱਲੋਂ ਕਾਬੂ ਕੀਤਾ ਗਿਆ, ਹਾਲਾਂਕਿ ਗਹਿਣਿਆਂ ਦੇ ਮਾਮਲਿਆਂ ਵਿੱਚ ਉਸ ਨੂੰ ਸਭ ਤੋਂ ਪਹਿਲਾਂ ਮਿਲਪਿਟਾਸ ਪੁਲਿਸ ਨੇ ਸਾਹਮਣੇ ਲਿਆਂਦਾ। ਕਿਹਾ ਗਿਆ ਹੈ ਕਿ ਜੇਕਰ ਜਾਨਸਨ 'ਤੇ ਦੋਸ਼ ਸਿੱਧ ਹੋ ਜਾਂਦੇ ਹਨ, ਤਾਂ ਉਸ ਨੂੰ 63 ਸਾਲ ਦੀ ਕੈਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚੋਰੀ ਕੀਤੇ ਗਏ ਸਾਰੇ ਹਾਰਾਂ ਦੀ ਕੀਮਤ ਲਗਭਗ 35,000 ਅਮਰੀਕੀ ਡਾਲਰ ਦੱਸੀ ਗਈ ਹੈ।
ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੁਲਜ਼ਮ ਆਪਣੇ ਸ਼ਿਕਾਰ ਦੀ ਪਛਾਣ ਸਾੜ੍ਹੀ ਤੇ ਮੱਥੇ ਦੀ ਬਿੰਦੀ ਆਦਿ ਤੋਂ ਕਰਦਾ ਸੀ। ਸਾਂਤਾ ਕਲਾਰਾ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਸਖ਼ਤ ਸਜ਼ਾ ਮਿਲਣੀ ਜ਼ਰੂਰੀ ਹੈ, ਜਿਸ ਨੇ ਦੂਜਿਆਂ ਦੀ ਕੌਮੀਅਤ ਜਾਂ ਭਾਈਚਾਰੇ ਦੇ ਆਧਾਰ 'ਤੇ ਉਨ੍ਹਾਂ 'ਤੇ ਹਮਲੇ ਕੀਤੇ ਹਨ। ਇਸ ਬਾਰੇ ਗੱਲ ਕਰਦੇ ਹੋਏ ਹਿੰਦੂ-ਅਮਰੀਕਨ ਫਾਊਂਡੇਸ਼ਨ ਦੇ ਮੈਂਬਰ ਸਮੀਰ ਕਾਲਰਾ ਨੇ ਕਿਹਾ, “ਅਸੀਂ ਨਫ਼ਰਤੀ ਅਪਰਾਧ ਅਤੇ ਹਿੰਦੂ-ਵਿਰੋਧੀ ਹਰਕਤਾਂ ਵਿੱਚ ਵਾਧੇ ਦਾ ਸਾਹਮਣਾ ਕਰ ਰਹੇ ਹਾਂ, ਪਰ ਨਾਲ ਹੀ ਸਾਡੇ ਵੱਲੋਂ ਚੁੱਕੇ ਜਾ ਰਹੇ ਕਨੂੰਨੀ ਕਦਮ ਵੀ ਵਿਰੋਧੀਆਂ ਨੂੰ ਇੱਕ ਵੱਡਾ ਸੁਨੇਹਾ ਦਿੰਦੇ ਹਨ।"