
ਅਗਵਾ ਕੀਤੇ ਜਾਣ ਤੋਂ ਬਾਅਦ ਇੱਕ ਅੱਠ ਮਹੀਨੇ ਦੀ ਬੱਚੀ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਇੱਕ ਬਾਗ਼ ਵਿੱਚੋਂ ਮਿਲੀਆਂ ਸੀ।
ਲਾਸ ਏਂਜਲਸ- ਅਮਰੀਕਾ ਦੇ ਕੈਲੀਫ਼ੋਰਨੀਆ ਸੂਬੇ ਵਿੱਚ ਮਰਸਡ ਕਾਊਂਟੀ ਦੇ ਸ਼ੈਰਿਫ਼ ਨੇ ਭਾਰਤੀ ਅਤੇ ਪੰਜਾਬੀ ਮੂਲ ਦੇ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅਗਵਾ ਕਰਨ ਵਾਲੇ ਸ਼ੱਕੀ ਵਿਅਕਤੀ ਬਾਰੇ ਕਿਹਾ, "ਇਸ ਵਿਅਕਤੀ ਲਈ ਨਰਕ ਵਿੱਚ ਖ਼ਾਸ ਥਾਂ ਹੈ।" ਅਗਵਾ ਕੀਤੇ ਜਾਣ ਤੋਂ ਬਾਅਦ ਇੱਕ ਅੱਠ ਮਹੀਨੇ ਦੀ ਬੱਚੀ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਇੱਕ ਬਾਗ਼ ਵਿੱਚੋਂ ਮਿਲੀਆਂ ਸੀ।
ਮਰਸਡ ਕਾਉਂਟੀ ਸ਼ੈਰਿਫ਼ (ਨਿਆਂਇਕ ਅਧਿਕਾਰੀ) ਵਾਰਨਕੇ ਨੇ ਬੁੱਧਵਾਰ 5 ਅਕਤੂਬਰ ਦੀ ਰਾਤ ਨੂੰ ਸਰਕਾਰ ਵੱਲੋਂ ਸੋਮਵਾਰ ਤੋਂ ਲਾਪਤਾ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਦੀ ਪੁਸ਼ਟੀ ਕਰਨ ਤੋਂ ਬਾਅਦ ਕਿਹਾ, "ਇਸ ਵੇਲੇ ਮੈਂ ਜਿਸ ਗੁੱਸੇ ਨੂੰ ਮਹਿਸੂਸ ਕਰ ਰਿਹਾ ਹਾਂ, ਉਸ ਨੂੰ ਬਿਆਨ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ।" ਜੀਸਸ ਮੈਨੁਅਲ ਸਾਲਗਾਡੋ ਬਾਰੇ ਗੱਲ ਕਰਦੇ ਹੋਏ ਵਾਰਨਕੇ ਨੇ ਕਿਹਾ, "ਇਸ ਆਦਮੀ ਲਈ ਨਰਕ ਵਿੱਚ ਖ਼ਾਸ ਥਾਂ ਹੈ।"
ਸਾਲਗਾਡੋ ਨੂੰ 2015 ਵਿੱਚ ਹਥਿਆਰ ਚੋਰੀ ਦਾ ਦੋਸ਼ੀ ਠਹਿਰਾਇਆ ਗਿਆ ਸੀ, ਅਤੇ ਉਹ 11 ਸਾਲਾਂ ਦੀ ਜੇਲ੍ਹ ਕੱਟ ਚੁੱਕਿਆ ਹੈ। ਕੈਲੀਫ਼ੋਰਨੀਆ ਦੇ ਸੁਧਾਰ ਅਤੇ ਮੁੜ ਵਸੇਬਾ ਵਿਭਾਗ ਨੇ ਦੱਸਿਆ ਕਿ ਸਾਲਗਾਡੋ ਨੂੰ 2015 ਵਿੱਚ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। 48 ਸਾਲਾ ਸਾਲਗਾਡੋ ਨੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਐਟਵਾਟਰ ਕਸਬੇ ਨੇੜੇ ਖ਼ੁਦਕੁਸ਼ੀ ਦੀ ਵੀ ਕੋਸ਼ਿਸ਼ ਕੀਤੀ।
ਇੱਕ ਕੰਪਨੀ ਦੇ ਕਰਮਚਾਰੀ ਨੇ ਸ਼ਾਮ 5.30 ਵਜੇ (ਸਥਾਨਕ ਸਮੇਂ) ਫ਼ੋਨ ਕਰਕੇ ਅੱਠ ਮਹੀਨੇ ਦੀ ਬੱਚੀ ਸਮੇਤ ਪਰਿਵਾਰ ਦੇ ਹੋਰ ਲੋਕਾਂ ਦੀਆਂ ਲਾਸ਼ਾਂ ਮਿਲਣ ਬਾਰੇ ਜਾਣਕਾਰੀ ਦਿੱਤੀ ਸੀ। ਪੰਜਾਬੀ ਪਰਿਵਾਰ ਦੇ ਅਗਵਾ ਕੀਤੇ ਜਾਣ ਦੀ ਵੀਡੀਓ ਸੀ.ਸੀ.ਟੀ.ਵੀ. ਕੈਮਰਿਆਂ 'ਚ ਰਿਕਾਰਡ ਹੋ ਗਈ ਸੀ। ਸ਼ੈਰਿਫ਼ ਵਾਰਨਕੇ ਨੇ ਦੱਸਿਆ ਕਿ ਜਦੋਂ ਜਾਸੂਸ ਮੌਕੇ 'ਤੇ ਪਹੁੰਚੇ ਤਾਂ ਪਤਾ ਲੱਗਿਆ ਕਿ ਲਾਸ਼ਾਂ ਅੱਠ ਮਹੀਨੇ ਦੀ ਆਰੂਹੀ, ਉਸ ਦੀ ਮਾਂ ਜਸਲੀਨ ਕੌਰ (27), ਉਸ ਦੇ ਪਿਤਾ ਜਸਦੀਪ ਸਿੰਘ (36) ਅਤੇ ਉਸ ਦੇ ਚਾਚਾ ਅਮਨਦੀਪ ਸਿੰਘ (39) ਦੀਆਂ ਹਨ। ਇਹ ਸਿੱਖ ਪਰਿਵਾਰ ਮੂਲ ਰੂਪ ਵਿੱਚ ਪੰਜਾਬ ਦੇ ਹੁਸ਼ਿਆਰਪੁਰ 'ਚ ਪੈਂਦੇ ਪਿੰਡ ਹਰਸੀ ਦਾ ਰਹਿਣ ਵਾਲਾ ਸੀ।
ਸ਼ੈਰਿਫ ਨੇ ਕਿਹਾ ਕਿ ਸ਼ੱਕੀ ਦੇ ਆਪਣੇ ਪਰਿਵਾਰ ਨੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਕਿਹਾ ਕਿ ਸਾਲਗਾਡੋ ਨੇ ਅਗਵਾ ਵਿੱਚ ਸ਼ਾਮਲ ਹੋਣ ਦੀ ਗੱਲ ਕਬੂਲ ਕੀਤੀ ਹੈ। ਵਾਰਨਕੇ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਅਗਵਾ ਕਰਨ ਤੋਂ ਪਹਿਲਾਂ ਸਾਲਗਾਡੋ ਪੀੜਤ ਪਰਿਵਾਰ ਨੂੰ ਜਾਣਦਾ ਸੀ। ਦੱਸਿਆ ਗਿਆ ਹੈ ਕਿ ਪਰਿਵਾਰ ਦੇ ਅਗਵਾ ਹੋਣ ਤੋਂ ਬਾਅਦ ਉਸ ਦੇ ਇੱਕ ਮੈਂਬਰ ਦਾ ਏ.ਟੀ.ਐੱਮ. ਕਾਰਡ ਮਰਸਡ ਤੋਂ ਕਰੀਬ 14 ਕਿਲੋਮੀਟਰ ਉੱਤਰ ਵੱਲ ਐਟਵਾਟਰ ਵਿਖੇ ਵਰਤਿਆ ਗਿਆ। ਵਾਰਨਕੇ ਨੇ ਇਹ ਵੀ ਕਿਹਾ ਕਿ ਅਗਵਾਕਾਰ ਨੇ ਕਿਸੇ ਫ਼ਿਰੌਤੀ ਦੀ ਮੰਗ ਨਹੀਂ ਕੀਤੀ।
ਵਾਰਨਕੇ ਨੇ ਆਸ ਜਤਾਈ ਕਿ ਜ਼ਿਲ੍ਹਾ ਅਟਾਰਨੀ ਨਵੀਂ ਵੀਡੀਓ ਵਿੱਚ ਦਿਖਾਈ ਦਿੰਦੇ ਸ਼ੱਕੀ ਨੂੰ ਮੌਤ ਦੀ ਸਜ਼ਾ ਦੇਣਗੇ। ਵੀਡੀਓ ਵਿੱਚ ਪਰਿਵਾਰ ਦੇ ਅਗਵਾ ਹੋਣ ਦੇ ਪਲ ਰਿਕਾਰਡ ਹਨ, ਜਿਸ ਵਿੱਚ ਜਸਦੀਪ ਅਤੇ ਅਮਨਦੀਪ ਦੇ ਹੱਥ ਬੰਨ੍ਹੇ ਹੋਏ ਅਤੇ ਉਨ੍ਹਾਂ ਨੂੰ ਲਿਜਾਂਦੇ ਹੋਏ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਵੀਡੀਓ 'ਚ ਜਸਲੀਨ ਅਤੇ ਉਸ ਦੀ ਬੇਟੀ ਆਰੂਹੀ ਨੂੰ ਬਿਲਡਿੰਗ ਤੋਂ ਇਕ ਟਰੱਕ 'ਚ ਲਿਜਾਂਦੇ ਹੋਏ ਦਿਖਾਇਆ ਗਿਆ ਹੈ।