
ਡਰੋਨ ਹਮਲੇ 'ਚ ਅੱਧੀ ਦਰਜਨ ਸੁਰੱਖਿਆ ਮੁਲਾਜ਼ਮ ਜ਼ਖ਼ਮੀ
ਬਗਦਾਦ : ਇਰਾਕ ਦੇ ਪ੍ਰਧਾਨ ਮੰਤਰੀ ਮੁਸਤਫ਼ਾ ਅਲ ਕਾਦਿਮੀ 'ਤੇ ਡਰੋਨ ਨਾਲ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦੀ ਰਿਹਾਇਸ਼ 'ਤੇ ਵਿਸਫੋਟਕਾਂ ਨਾਲ ਭਰੇ ਡਰੋਨ ਨਾਲ ਹਮਲਾ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਅਲ-ਕਾਦਿਮੀ ਐਤਵਾਰ ਸਵੇਰੇ ਹੋਏ ਹਮਲੇ ਵਿਚ ਵਾਲ-ਵਾਲ ਬਚ ਗਏ। ਇਸ ਡਰੋਨ ਹਮਲੇ ਵਿਚ ਅੱਧੀ ਦਰਜਨ ਸੁਰੱਖਿਆ ਕਰਮੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਅਜੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਇਰਾਕੀ ਫ਼ੌਜ ਨੇ ਇਸ ਨੂੰ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲਾ ਹਮਲਾ ਦੱਸਿਆ ਹੈ। ਫ਼ੌਜ ਮੁਤਾਬਕ ਪ੍ਰਧਾਨ ਮੰਤਰੀ ਦੀ ਰਿਹਾਇਸ਼ ਗ੍ਰੀਨ ਜ਼ੋਨ 'ਚ ਹੈ। ਗ੍ਰੀਨ ਜ਼ੋਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਗ੍ਰੀਨ ਜ਼ੋਨ ਵਿਚ ਵਿਦੇਸ਼ੀ ਦੂਤਾਵਾਸ ਅਤੇ ਸਰਕਾਰੀ ਇਮਾਰਤਾਂ ਹਨ। ਇੱਥੇ ਪੱਛਮੀ ਦੇਸ਼ਾਂ ਦੇ ਰਾਜਦੂਤ ਵੱਡੀ ਗਿਣਤੀ ਵਿਚ ਰਹਿੰਦੇ ਹਨ।
iraq pm qadhimi
ਦੂਜੇ ਪਾਸੇ ਇਸ ਜਾਨਲੇਵਾ ਹਮਲੇ ਵਿਚ ਵਾਲ-ਵਾਲ ਬਚੇ ਪ੍ਰਧਾਨ ਮੰਤਰੀ ਮੁਸਤਫ਼ਾ ਅਲ-ਕਾਦਿਮੀ ਨੇ ਜਾਣਕਾਰੀ ਦਿਤੀ ਹੈ ਕਿ ਉਹ ਸੁਰੱਖਿਅਤ ਹਨ। ਉਨ੍ਹਾਂ ਟਵੀਟ ਕਰਕੇ ਲੋਕਾਂ ਨੂੰ ਆਪਣੀ ਸੁਰੱਖਿਆ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਇਰਾਕ ਵਿਚ ਸੰਸਦੀ ਚੋਣ ਨਤੀਜਿਆਂ ਖ਼ਿਲਾਫ਼ ਇੱਥੇ ਹਥਿਆਰਬੰਦ ਸਮੂਹਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਕਤੂਬਰ ਵਿਚ ਵਿਰੋਧ ਪ੍ਰਦਰਸ਼ਨ ਦੌਰਾਨ ਇਹ ਹਿੰਸਕ ਹੋ ਗਿਆ ਸੀ। ਅਕਤੂਬਰ ਦੀਆਂ ਵੋਟਾਂ ਦੇ ਨਤੀਜਿਆਂ ਬਾਰੇ ਵਿਰੋਧ ਪ੍ਰਦਰਸ਼ਨਾਂ ਅਤੇ ਸ਼ਿਕਾਇਤਾਂ ਦੀ ਅਗਵਾਈ ਕਰਨ ਵਾਲਾ ਸਮੂਹ ਭਾਰੀ ਹਥਿਆਰਾਂ ਨਾਲ ਲੈਸ ਈਰਾਨ-ਸਮਰਥਿਤ ਮਿਲੀਸ਼ੀਆ ਹਨ ਜਿਨ੍ਹਾਂ ਨੇ ਚੋਣਾਂ ਵਿਚ ਆਪਣੀ ਸੰਸਦੀ ਸ਼ਕਤੀ ਦਾ ਬਹੁਤ ਸਾਰਾ ਹਿੱਸਾ ਗੁਆ ਦਿਤਾ ਹੈ।
PM Qadhimi
ਉਨ੍ਹਾਂ ਨੇ ਵੋਟਿੰਗ ਅਤੇ ਵੋਟਾਂ ਦੀ ਗਿਣਤੀ ਵਿਚ ਬੇਨਿਯਮੀਆਂ ਦੇ ਦੋਸ਼ ਲਾਏ ਹਨ। ਦਰਅਸਲ, ਇਸ ਚੋਣ ਨਤੀਜੇ ਨੂੰ ਈਰਾਨ ਸਮਰਥਿਤ ਹਥਿਆਰਬੰਦ ਸਮੂਹਾਂ ਪ੍ਰਤੀ ਗੁੱਸੇ ਦਾ ਪ੍ਰਤੀਬਿੰਬ ਦੱਸਿਆ ਜਾ ਰਿਹਾ ਹੈ। ਉਨ੍ਹਾਂ 'ਤੇ 2019 ਤੋਂ ਸਰਕਾਰ ਵਿਰੋਧੀ ਪ੍ਰਦਰਸ਼ਨਾਂ 'ਚ 600 ਤੋਂ ਵੱਧ ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ ਹੈ।