
ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨਵਦੀਪ ਸਿੰਘ ਸੂਰੀ 'ਤੇ ਆਸਟ੍ਰੇਲੀਆ ਦੀ ਅਦਾਲਤ ਨੇ ਲਾਇਆ ਜੁਰਮਾਨਾ
International News: ਇੰਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਦੇ ਦੇਸ਼ 'ਚ 70 ਘੰਟੇ ਕੰਮ ਕਰਨ ਦੇ ਬਿਆਨ ਤੋਂ ਬਾਅਦ ਕਈ ਮਸ਼ਹੂਰ ਹਸਤੀਆਂ ਨੇ ਇਸ ਦੀ ਆਲੋਚਨਾ ਕੀਤੀ, ਪਰ ਹੁਣ ਅਜਿਹਾ ਹੀ ਇੱਕ ਮਾਮਲਾ ਆਸਟ੍ਰੇਲੀਆ ਵਿਚ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੂੰ ਆਪਣੇ ਘਰੇਲੂ ਕਰਮਚਾਰੀ ਨੂੰ ਦਿਨ ਵਿਚ 17.5 ਘੰਟੇ ਕੰਮ ਕਰਵਾਉਣਾ ਮੁਸ਼ਕਲ ਹੋ ਗਿਆ।
ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨਵਦੀਪ ਸਿੰਘ ਸੂਰੀ ਨੂੰ ਆਪਣੇ ਹੀ ਘਰ ਵਿਚ ਕੰਮ ਕਰਨ ਵਾਲੀ ਮੁਲਾਜ਼ਮ ਨੇ ਫ਼ਸਾ ਲਿਆ। ਉਸ ਨੇ ਸੂਰੀ 'ਤੇ ਉਸ ਤੋਂ ਸਾਢੇ 17 ਘੰਟੇ ਕੰਮ ਕਰਵਾਉਣ ਅਤੇ ਤਨਖਾਹ ਨਾ ਦੇਣ ਦਾ ਦੋਸ਼ ਲਾਇਆ। ਮਾਮਲਾ ਆਸਟ੍ਰੇਲੀਆ ਦੀ ਅਦਾਲਤ ਤੱਕ ਪਹੁੰਚ ਗਿਆ। ਅਦਾਲਤ ਨੇ ਮਹਿਲਾ ਮੁਲਾਜ਼ਮ ਦੇ ਹੱਕ ਵਿਚ ਫ਼ੈਸਲਾ ਸੁਣਾਉਂਦਿਆਂ ਸੂਰੀ ਨੂੰ ਉਸ ਦੀ ਮਹਿਲਾ ਸਟਾਫ਼ ਨੂੰ 74 ਲੱਖ ਰੁਪਏ ਦੇਣ ਦਾ ਹੁਕਮ ਦਿੱਤਾ ਹੈ।
ਸੂਰੀ ਦੇ ਘਰ ਕੰਮ ਕਰਨ ਵਾਲੀ ਇਸ ਮਹਿਲਾ ਦਾ ਨਾਂ ਸੀਮਾ ਸ਼ੇਰਗਿੱਲ ਹੈ। ਸ਼ੇਰਗਿੱਲ ਨੇ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨਵਦੀਪ ਸਿੰਘ ਸੂਰੀ 'ਤੇ ਗਲਤ ਹਾਲਤਾਂ 'ਚ ਕੰਮ ਕਰਨ ਅਤੇ ਤਨਖਾਹ ਨਾ ਦੇਣ ਦਾ ਦੋਸ਼ ਲਗਾਇਆ ਹੈ। ਸ਼ੇਰਗਿੱਲ ਨੇ ਅਦਾਲਤ 'ਚ ਦੱਸਿਆ ਕਿ ਉਸ ਨੇ ਸੂਰੀ ਦੇ ਘਰ ਕਰੀਬ ਇਕ ਸਾਲ ਕੰਮ ਕੀਤਾ, ਜਿਸ ਦਾ ਭੁਗਤਾਨ ਨਹੀਂ ਕੀਤਾ। ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਐਲਿਜ਼ਾਬੈਥ ਰੈਪਰ ਨੇ ਸੂਰੀ ਨੂੰ 60 ਦਿਨਾਂ ਦੇ ਅੰਦਰ ਆਪਣੀ ਸਾਬਕਾ ਮਹਿਲਾ ਘਰੇਲੂ ਕਰਮਚਾਰੀ ਨੂੰ ਮੁਆਵਜ਼ੇ ਵਜੋਂ ਵਿਆਜ ਸਮੇਤ $136,000 (ਕਰੀਬ 74 ਲੱਖ ਰੁਪਏ) ਦੇਣ ਦਾ ਹੁਕਮ ਦਿੱਤਾ। ਇਸ ਦੇ ਨਾਲ ਹੀ ਭਾਰਤ ਵਿਚ ਲੋਕ ਅਦਾਲਤ ਦੇ ਇਸ ਫੈਸਲੇ ਨੂੰ ਸੂਰੀ ਦੇ ਖਿਲਾਫ ਇਕਪਾਸੜ ਕਰਾਰ ਦੇ ਰਹੇ ਹਨ।
ਦੱਸ ਦਈਏ ਕਿ ਸ਼ੇਰਗਿੱਲ ਨੇ ਅਦਾਲਤ ਨੂੰ ਦੱਸਿਆ ਕਿ ਉਹ ਹਫਤੇ ਦੇ 7 ਦਿਨ ਸੂਰੀ ਦੇ ਘਰ 'ਚ ਹਰ ਰੋਜ਼ 17.5 ਘੰਟੇ ਕੰਮ ਕਰਦੀ ਸੀ। ਇਕ ਰਿਪੋਰਟ ਮੁਤਾਬਕ ਸ਼ੇਰਗਿੱਲ ਅਪ੍ਰੈਲ 2015 ਵਿਚ ਆਸਟ੍ਰੇਲੀਆ ਆਈ ਸੀ ਅਤੇ ਕੈਨਬਰਾ ਵਿਚ ਸੂਰੀ ਦੇ ਘਰ ਇੱਕ ਸਾਲ ਤੱਕ ਕੰਮ ਕਰਦਾ ਰਹੀ। ਸੂਰੀ ਦੇ ਘਰ 13 ਮਹੀਨੇ ਕੰਮ ਕਰਨ ਤੋਂ ਬਾਅਦ ਸੀਮਾ ਨੂੰ ਸਿਰਫ਼ 3,400 ਆਸਟ੍ਰੇਲੀਅਨ ਡਾਲਰ ਮਿਲੇ। ਉਹ ਘਰ ਦੀ ਸਫ਼ਾਈ ਕਰਦੀ ਸੀ, ਖਾਣਾ ਤਿਆਰ ਕਰਦੀ ਸੀ, ਬਾਗ ਸਾਫ਼ ਕਰਦੀ ਸੀ ਅਤੇ ਕੁੱਤੇ ਨੂੰ ਸੈਰ ਕਰਦੀ ਸੀ। ਅੱਠ ਬੈੱਡਰੂਮ ਵਾਲੇ ਘਰ ਦੇ ਰੱਖ-ਰਖਾਅ ਦੀ ਸਾਰੀ ਜ਼ਿੰਮੇਵਾਰੀ ਸੀਮਾ ਦੇ ਮੋਢਿਆਂ 'ਤੇ ਆ ਗਈ।
ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੀਮਾ ਦਾ ਪਾਸਪੋਰਟ ਉਸ ਤੋਂ ਖੋਹ ਲਿਆ ਗਿਆ ਸੀ। ਉਹ ਹਫ਼ਤੇ ਵਿਚ ਸੱਤੋ ਦਿਨ ਕੰਮ ਕਰਦੀ ਸੀ। ਉਸ ਨੂੰ ਕਦੇ ਛੁੱਟੀ ਨਹੀਂ ਮਿਲੀ। ਉਸ ਨੂੰ ਘਰ ਤੋਂ ਬਾਹਰ ਉਦੋਂ ਹੀ ਜਾਣ ਦਿੱਤਾ ਜਾਂਦਾ ਸੀ ਜਦੋਂ ਕੁੱਤੇ ਨੂੰ ਸੈਰ ਕਰਨ ਲਈ ਲਿਜਾਣਾ ਹੁੰਦਾ ਸੀ।
ਦਰਅਸਲ ਸ਼ੇਰਗਿੱਲ ਨੂੰ ਅਧਿਕਾਰਤ ਪਾਸਪੋਰਟ ਜਾਰੀ ਕੀਤਾ ਗਿਆ ਸੀ ਅਤੇ 2016 ਵਿਚ ਉਸ ਨੂੰ ਭਾਰਤ ਵਾਪਸ ਆਉਣ ਲਈ ਕਿਹਾ ਗਿਆ ਸੀ, ਪਰ ਉਸ ਨੇ ਅਜਿਹਾ ਨਹੀਂ ਕੀਤਾ। ਸ਼ੇਰਗਿੱਲ ਨੇ 2021 ਵਿਚ ਆਸਟ੍ਰੇਲੀਆ ਦੀ ਨਾਗਰਿਕਤਾ ਲਈ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਆਸਟ੍ਰੇਲੀਆ ਦੀ ਅਦਾਲਤ ਦੇ ਫ਼ੈਸਲੇ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
(For more news apart from Maid Filled A Case Against Ex-High Commissioner To Canberra Navdeep Singh Suri, stay tuned to Rozana Spokesman).