17 ਸਾਲਾ ਕੁੜੀ ਨਾਲ ਕਾਰ 'ਚ ਜ਼ਬਰਜਨਾਹ ਦਾ ਮਾਮਲਾ
ਨਿਊਜ਼ੀਲੈਂਡ/ਸ਼ਾਹ : ਨਿਊਜ਼ੀਲੈਂਡ ਵਿਚ 17 ਸਾਲਾ ਕੁੜੀ ਦੇ ਨਾਲ ਜ਼ਬਰਜਨਾਹ ਕਰਨ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਉਬਰ ਡਰਾਇਵਰ ਸਤਵਿੰਦਰ ਸਿੰਘ ਨੂੰ 7 ਸਾਲ 2 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਐ। 37 ਸਾਲਾ ਸਤਵਿੰਦਰ ਨੂੰ ਫਰਵਰੀ 2023 ’ਚ ਕੀਤੇ ਇਸ ਜ਼ੁਰਮ ਲਈ ਦੋਸ਼ੀ ਠਹਿਰਾਇਆ ਗਿਆ ਸੀ। ਸਤਵਿੰਦਰ ਨੂੰ ਸਜ਼ਾ ਸੁਣਾਏ ਜਾਣ ਮੌਕੇ ਹੈਮਿਲਟਨ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿੱਥੇ ਜਸਟਿਸ ਟੀਨੀ ਕਲਾਰਕ ਦੀ ਦੇਖਰੇਖ ਵਿਚ ਉਸ ਨੂੰ ਇਹ ਸਜ਼ਾ ਸੁਣਾਈ ਗਈ।
ਸਜ਼ਾ ਸੁਣਾਏ ਜਾਣ ਦੌਰਾਨ ਬਚਾਅ ਪੱਖ ਦੀ ਵਕੀਲ ਨਾਦਿਨ ਬੇਅਰ ਨੇ ਸਿੱਖ ਧਰਮ ਦਾ ਹਵਾਲਾ ਦਿੰਦਿਆਂ ਸਤਵਿੰਦਰ ਸਿੰਘ ਲਈ ਨਰਮੀ ਦੀ ਅਪੀਲ ਕੀਤੀ ਸੀ। ਵਕੀਲ ਬੇਅਰ ਨੇ ਮਾਣਯੋਗ ਜੱਜ ਨੂੰ ਆਖਿਆ ਕਿ ਸਤਵਿੰਦਰ ਸਿੱਖ ਧਰਮ ਦਾ ਪੈਰੋਕਾਰ ਐ, ਇਸ ਲਈ ਜੇਲ੍ਹ ਵਿਚ ਰਹਿਣਾ ਉਸ ਦੇ ਲਈ ਮੁਸ਼ਕਲ ਹੋਵੇਗਾ,, ਪਰ ਜੱਜ ਨੇ ਇਹ ਕਹਿੰਦਿਆਂ ਆਪਣਾ ਵਿਰੋਧ ਜਤਾਇਆ ਕਿ ਜੇਕਰ ਸਤਵਿੰਦਰ ਨੂੰ ਰਿਆਇਤ ਦਿੱਤੀ ਗਈ ਤਾਂ ਦੂਜੀ ਭਾਸ਼ਾ ਵਾਲਾ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਵਿਸ਼ੇਸ਼ ਰਿਆਇਤ ਮੰਗਣ ਲੱਗੇਗਾ। ਰਿਪੋਰਟ ਵਿਚ ਸਤਵਿੰਦਰ ਸਿੰਘ ਦੀ ਪਛਾਣ ਇਕ ਭਾਰਤੀ ਸਿੱਖ ਵਜੋਂ ਕੀਤੀ ਗਈ ਐ ਜੋ 11 ਸਾਲਾਂ ਤੋਂ ਨਿਊਜ਼ੀਲੈਂਡ ਵਿਚ ਰਹਿ ਰਿਹਾ ਸੀ। ਹਾਲਾਂਕਿ ਜੱਜ ਨੇ ਸ਼ੁਰੂਆਤ ਵਿਚ 8 ਸਾਲ ਦੀ ਕੈਦ ਦਾ ਸੁਝਾਅ ਦਿੱਤਾ ਸੀ ਪਰ ਕਲਾਰਕ ਨੇ ਆਪਣੇ ਤਰਕਾਂ ਦੇ ਆਧਾਰ ’ਤੇ ਇਸ ਸਮੇਂ ਨੂੰ ਘਟਾ ਕੇ 10 ਫ਼ੀਸਦੀ ਦੀ ਛੋਟ ਦੇ ਦਿੱਤੀ।

ਜੱਜ ਕਲਾਰਕ ਨੇ ਇਹ ਵੀ ਆਖਿਆ ਕਿ ਭਲੇ ਹੀ ਪੀੜਤਾ ਨੇ ਸ਼ਰਾਬ ਪੀਤੀ ਹੋਈ ਸੀ ਪਰ ਸਤਵਿੰਦਰ ਨੇ ਉਸ ਦੇ ਨਾਲ ਜੋ ਕੀਤਾ, ਉਹ ਅਣਉਚਿਤ ਸੀ ਕਿਉਂਕਿ ਉਸ ਨੂੰ ਸੁਰੱਖਿਅਤ ਤਰੀਕੇ ਨਾਲ ਉਸ ਦੀ ਮੰਜ਼ਿਲ ’ਤੇ ਪਹੁੰਚਾਉਣਾ ਚਾਹੀਦਾ ਸੀ। ਜੱਜ ਨੇ ਆਖਿਆ ਕਿ ਮੈਨੂੰ ਨਹੀਂ ਪਤਾ ਕਿ ਉਬਰ ਡਰਾਇਵਰ ਦੀ ਜਾਂਚ ਕਿਸ ਤਰ੍ਹਾਂ ਕੀਤੀ ਜਾਂਦੀ ਐ ਪਰ ਗਾਹਕਾਂ ਅਤੇ ਆਮ ਜਨਤਾ ਵੱਲੋਂ ਇਹ ਉਮੀਦ ਕੀਤੀ ਜਾਂਦੀ ਐ ਕਿ ਅਜਿਹੀਆਂ ਗੱਡੀਆਂ ਦੇ ਡਰਾਇਵਰ ਅਜਿਹੇ ਲੋਕ ਹੋਣ, ਜਿਨ੍ਹਾਂ ਦੇ ਨਾਲ ਉਹ ਸੁਰੱਖਿਅਤ ਰਹਿ ਸਕਣ।

ਦੱਸ ਦਈਏ ਕਿ ਇਹ ਘਟਨਾ 11 ਫਰਵਰੀ 2023 ਨੂੰ ਵਾਪਰੀ ਸੀ ਜਦੋਂ ਉਬਰ ਡਰਾਇਵਰ ਸਤਵਿੰਦਰ ਸਿੰਘ ਨੇ ਆਪਣੀ ਕਾਰ ਦਾ ਜੀਪੀਐਸ ਬੰਦ ਕਰ ਦਿੱਤਾ ਅਤੇ ਕਾਰ ਵਿਚ ਸਵਾਰ 17 ਸਾਲਾਂ ਦੀ ਕੁੜੀ ਦੇ ਨਾਲ ਜ਼ਬਰਜਨਾਹ ਕੀਤਾ। ਰਿਪੋਰਟ ਮੁਤਾਬਕ ਉਹ ਪੀੜਤਾ ਨੂੰ ਹੈਮਿਲਟਨ ਦੇ ਅੱਧ ਵਿਚ ਵਾਈਕਾਟੋ ਨਦੀ ਦੇ ਪਾਰ 7 ਕਿਲੋਮੀਟਰ ਤੱਕ ਲਿਜਾਣ ਵਾਲਾ ਸੀ। ਪੀੜਤਾ ਨੇ ਕੁੱਝ ਦੋਸਤਾਂ ਨੂੰ ਮਿਲਣ ਲਈ ਸਪਾਈਟਸ ਏਲੇ ਹਾਊਸ ਤੋਂ ਉਬਰ ਬੁੱਕ ਕੀਤੀ ਸੀ।
