
ਮੁਹਿੰਮ ਅੱਜ ਸਨਿਚਰਵਾਰ ਤੋਂ ਗਾਜ਼ੀਪੁਰ ਖੇਤਰ ਸਮੇਤ ਦੇਸ਼ ਭਰ ’ਚ ਸ਼ੁਰੂ ਹੋ ਗਈ
ਢਾਕਾ : ਬੰਗਲਾਦੇਸ਼ ਵਿਚ ਕਾਨੂੰਨ ਲਾਗੂ ਕਰਨ ਵਾਲੇ ਬਲਾਂ ਨੇ ਸਥਾਨਕ ਲੋਕਾਂ ਅਤੇ ਸ਼ੇਖ ਹਸੀਨਾ ਵਿਰੋਧੀ ਵਿਦਿਆਰਥੀ ਸਮੂਹਾਂ ਵਿਚਾਲੇ ਝੜਪਾਂ ਤੋਂ ਬਾਅਦ ਸਨਿਚਰਵਾਰ ਨੂੰ ‘ਆਪਰੇਸ਼ਨ ਡੇਵਿਲ ਹੰਟ’ (ਸ਼ੈਤਾਨ ਲੱਭੋ ਮੁਹਿੰਮ) ਸ਼ੁਰੂ ਕੀਤੀ। ਬੰਗਲਾਦੇਸ਼ ਦੇ ਗ੍ਰਹਿ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਗਾਜ਼ੀਪੁਰ ’ਚ ਵਿਦਿਆਰਥੀਆਂ ’ਤੇ ਹੋਏ ਅਤਿਵਾਦੀ ਹਮਲਿਆਂ ਦੇ ਸਬੰਧ ’ਚ ਗ੍ਰਹਿ ਮੰਤਰਾਲੇ ’ਚ ਕਾਨੂੰਨ ਵਿਵਸਥਾ ਬਲਾਂ ਦੇ ਤਾਲਮੇਲ ਨਾਲ ਅੱਜ (ਸਨਿਚਰਵਾਰ) ਇਕ ਬੈਠਕ ਹੋਈ। ਬੈਠਕ ’ਚ ਸਬੰਧਤ ਖੇਤਰਾਂ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਬਣਾਈ ਰੱਖਣ ਅਤੇ ਅਤਿਵਾਦੀਆਂ ਨੂੰ ਕਾਨੂੰਨ ਦੇ ਦਾਇਰੇ ’ਚ ਲਿਆਉਣ ਲਈ ਸੰਯੁਕਤ ਬਲਾਂ ਦੇ ਤਾਲਮੇਲ ਨਾਲ ‘ਆਪਰੇਸ਼ਨ ਡੇਵਿਲ ਹੰਟ’ ਚਲਾਉਣ ਦਾ ਫੈਸਲਾ ਲਿਆ ਗਿਆ। ਇਹ ਮੁਹਿੰਮ ਅੱਜ ਸਨਿਚਰਵਾਰ ਤੋਂ ਗਾਜ਼ੀਪੁਰ ਖੇਤਰ ਸਮੇਤ ਦੇਸ਼ ਭਰ ’ਚ ਸ਼ੁਰੂ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਕੱਲ੍ਹ (ਸ਼ੁਕਰਵਾਰ) ਰਾਤ ਨੂੰ ਡਿੱਗੀ ਤਾਨਾਸ਼ਾਹੀ ਦੇ ਅਤਿਵਾਦੀ ਵਲੋਂ ਕੀਤੇ ਗਏ ਹਮਲੇ ’ਚ ਕੁੱਝ ਲੋਕ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਸਨ। ਬੰਗਲਾਦੇਸ਼ ਦੇ ਕੇਂਦਰੀ ਗਾਜ਼ੀਪੁਰ ਜ਼ਿਲ੍ਹੇ ’ਚ ਸ਼ੁਕਰਵਾਰ ਰਾਤ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਵਿਰੋਧੀ ਵਿਦਿਆਰਥੀਆਂ ਵਲੋਂ ‘ਬੁਲਡੋਜ਼ਰ ਪ੍ਰੋਗਰਾਮ’ ਦੌਰਾਨ ਤਾਜ਼ਾ ਝੜਪਾਂ ਹੋਈਆਂ। ਇਕ ਸਥਾਨਕ ਰੀਪੋਰਟਰ ਨੇ ਦਸਿਆ ਕਿ ਇਸ ਘਟਨਾ ’ਚ ਕਰੀਬ 15 ਵਿਦਿਆਰਥੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਦਾ ਕਈ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ।
ਇਕ ਸਥਾਨਕ ਪੱਤਰਕਾਰ ਨੇ ਦਸਿਆ ਕਿ ਝੜਪਾਂ ਉਦੋਂ ਸ਼ੁਰੂ ਹੋਈਆਂ ਜਦੋਂ ਸਥਾਨਕ ਲੋਕਾਂ ਨੇ ਮਾਈਕ੍ਰੋਫੋਨ ’ਤੇ ਐਲਾਨ ਕੀਤਾ ਕਿ ਲੁਟੇਰੇ ਉਸ ਸਮੇਂ ਆਏ ਜਦੋਂ ਵਿਦਿਆਰਥੀ ਸ਼ੇਖ ਹਸੀਨਾ ਦੇ ਲਿਬਰੇਸ਼ਨ ਜੰਗ ਮਾਮਲਿਆਂ ਦੇ ਮੰਤਰੀ ਮੋਜ਼ੰਮਲ ਹੱਕ ਦੇ ਘਰ ਵਲ ਵਧੇ। ਇਸ ਘਟਨਾ ’ਚ ਕਰੀਬ 15 ਵਿਦਿਆਰਥੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਦਾ ਕਈ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ। ਭੇਦਭਾਵ ਵਿਰੋਧੀ ਵਿਦਿਆਰਥੀ ਅੰਦੋਲਨ ਦੇ ਕੇਂਦਰੀ ਨੇਤਾ, ਜਿਸ ਨੇ ਸ਼ੇਖ ਹਸੀਨਾ ਨੂੰ ਹਟਾਉਣ ਦਾ ਕਾਰਨ ਬਣਾਇਆ, ਵਿਦਿਆਰਥੀਆਂ ’ਤੇ ਹਮਲਿਆਂ ਦੇ ਵਿਰੋਧ ’ਚ ਇਕ ਰੈਲੀ ਕਰਨ ਲਈ ਗਾਜ਼ੀਪੁਰ ਪਹੁੰਚੇ ਹਨ।
ਇਸ ਦੌਰਾਨ ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਸਾਰੇ ਨਾਗਰਿਕਾਂ ਨੂੰ ਤੁਰਤ ਪੂਰੀ ਕਾਨੂੰਨ ਵਿਵਸਥਾ ਬਹਾਲ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿ ਸ਼ੇਖ ਹਸੀਨਾ ਦੇ ਪਰਵਾਰ ਅਤੇ ਅਵਾਮੀ ਲੀਗ ਪਾਰਟੀ ਦੇ ਨੇਤਾਵਾਂ ਨਾਲ ਜੁੜੀਆਂ ਜਾਇਦਾਦਾਂ ਜਾਂ ਕਿਸੇ ਵੀ ਬਹਾਨੇ ਕਿਸੇ ਵੀ ਨਾਗਰਿਕ ਵਿਰੁਧ ਕੋਈ ਹੋਰ ਹਮਲਾ ਨਾ ਹੋਵੇ।