
1999 'ਚ Air India ਦੀ ਫਲਾਈਟ ਨੂੰ ਕੀਤਾ ਸੀ ਹਾਈਜੈਕ, ਯਾਤਰੀਆਂ ਨੂੰ 7 ਦਿਨ ਤੱਕ ਬਣਾ ਕੇ ਰੱਖਿਆ ਸੀ ਬੰਧਕ
ਅਣਪਛਾਤਿਆਂ ਨੇ ਘਰ ਅੰਦਰ ਦਾਖ਼ਲ ਹੋ ਕੇ ਮਾਰੀਆਂ ਗੋਲੀਆਂ
ਕੰਧਾਰ : ਸਾਲ 1999 'ਚ ਏਅਰ ਇੰਡੀਆ ਦੇ ਜਹਾਜ਼ IC-814 ਨੂੰ ਹਾਈਜੈਕ ਕਰਨ 'ਚ ਸ਼ਾਮਲ ਅੱਤਵਾਦੀ ਜ਼ਹੂਰ ਮਿਸਤਰੀ ਉਰਫ ਜ਼ਾਹਿਦ ਅਖੁੰਦ ਮਾਰਿਆ ਗਿਆ ਹੈ। ਕਰਾਚੀ ਵਿੱਚ 1 ਮਾਰਚ ਨੂੰ ਬਾਈਕ ਸਵਾਰ ਹਮਲਾਵਰਾਂ ਨੇ ਜ਼ਹੂਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਹਮਲੇ ਦੇ ਸਮੇਂ ਜ਼ਹੂਰ ਕਥਿਤ ਤੌਰ 'ਤੇ ਆਪਣੇ ਘਰ 'ਚ ਸੀ।
ਜ਼ਹੂਰ ਦੇ ਕਤਲ 'ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਵੀ ਚੌਕਸ ਹੋ ਗਈ ਹੈ। ਇਹ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜਿਆ ਹੋਇਆ ਸੀ ਅਤੇ ਕਾਰੋਬਾਰੀ ਦੇ ਤੌਰ 'ਤੇ ਪਾਕਿਸਤਾਨ 'ਚ ਲੁਕਿਆ ਹੋਇਆ ਸੀ। ਜੈਸ਼ ਦੇ ਇਸ ਅੱਤਵਾਦੀ 'ਤੇ ਹਮਲਾ ਕਰਨ ਵਾਲੇ ਦੋਵੇਂ ਹਮਲਾਵਰ ਬਾਈਕ 'ਤੇ ਆਏ ਸਨ। ਇਹ ਦੋਵੇਂ ਹਮਲਾਵਰ ਸੀਸੀਟੀਵੀ ਫੁਟੇਜ ਵਿੱਚ ਦੇਖੇ ਗਏ ਹਨ।
zahoor mistry
ਦੋਵਾਂ ਦੇ ਚਿਹਰਿਆਂ 'ਤੇ ਮਾਸਕ ਸਨ, ਜਿਸ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਸੂਤਰਾਂ ਦੇ ਹਵਾਲੇ ਤੋਂ ਖਬਰਾਂ 'ਚ ਕਿਹਾ ਗਿਆ ਹੈ ਕਿ ਦੋਵਾਂ ਹਮਲਾਵਰਾਂ ਨੇ ਪਹਿਲਾਂ ਇਲਾਕੇ ਦੀ ਰੇਕੀ ਕੀਤੀ ਅਤੇ ਫਿਰ ਹਮਲਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਤੋਂ ਬਾਅਦ ਆਈ.ਐੱਸ.ਆਈ. ਨੂੰ ਵੀ ਝਟਕਾ ਲੱਗਾ ਹੈ।
zahoor mistry killed
ਜ਼ਿਕਰਯੋਗ ਹੈ ਕਿ 24 ਦਸੰਬਰ 1999 ਨੂੰ ਏਅਰ ਇੰਡੀਆ ਦੇ ਜਹਾਜ਼ IC-814 ਨੇ ਕਾਠਮੰਡੂ ਤੋਂ ਦਿੱਲੀ ਲਈ ਉਡਾਣ ਭਰੀ ਸੀ। ਜਹਾਜ਼ ਦੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਅੱਤਵਾਦੀਆਂ ਨੇ ਇਸ ਨੂੰ ਹਾਈਜੈਕ ਕਰ ਲਿਆ ਸੀ ਅਤੇ ਫਿਰ ਇਸ ਜਹਾਜ਼ ਨੂੰ ਕੰਧਾਰ ਲੈ ਗਏ ਸਨ। ਹਾਈਜੈਕ ਕੀਤੇ ਇਸ ਜਹਾਜ਼ ਵਿਚ ਸਵਾਰ
176 ਯਾਤਰੀਆਂ ਨੂੰ ਲਗਭਗ 7 ਦਿਨ ਲਈ ਬੰਧਕ ਬਣਾ ਕੇ ਰੱਖਿਆ ਗਿਆ ਸੀ। ਅਫ਼ਗ਼ਾਨਿਸਤਾਨ ਵਿਚ ਉਸ ਸਮੇਂ ਤਾਲਿਬਾਨ ਦਾ ਰਾਜ ਸੀ। ਇਨ੍ਹਾਂ ਦਹਿਸ਼ਤਗਰਦਾਂ ਦਾ ਮੁੱਖ ਮਕਸਦ ਭਾਰਤੀ ਜੇਲ੍ਹ ਵਿੱਚ ਬੰਦ ਖ਼ੌਫ਼ਜ਼ਦਾ ਦਹਿਸ਼ਤਗਰਦਾਂ ਨੂੰ ਆਜ਼ਾਦ ਕਰਵਾਉਣਾ ਸੀ। ਜਹਾਜ਼ ਵਿਚ ਸਵਾਰ ਭਾਰਤੀਆਂ ਦੀ ਸੁਰੱਖਿਅਤ ਰਿਹਾਈ ਲਈ ਤਤਕਾਲੀ ਭਾਰਤ ਸਰਕਾਰ ਨੂੰ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ, ਮੁਸ਼ਤਾਕ ਅਹਿਮਦ ਜ਼ਰਗਰ, ਅਹਿਮਦ ਉਮਰ ਸਈਦ ਸ਼ੇਖ ਨੂੰ ਰਿਹਾਅ ਕਰਨਾ ਪਿਆ ਸੀ।