
ਉਡਾਨ ਨੂੰ ਵਿਚਕਾਰੋਂ ਹੀ ਕੋਲੋਰਾਡੋ ਵਾਪਸ ਜਾਣਾ ਪਿਆ, ਸਾਰੇ ਮੁਸਾਫ਼ਰ ਸੁਰੱਖਿਅਤ
ਡੇਨਵਰ, ਕੋਲੋਰਾਡੋ : ਸਾਊਥਵੈਸਟ ਏਅਰਲਾਈਨਜ਼ ਦੇ ਇਕ ਜਹਾਜ਼ ਦਾ ਇੰਜਣ ਕਵਰ ਖਰਾਬ ਹੋਣ ਕਾਰਨ ਉਸ ਨੂੰ ਵਾਪਸ ਕੋਲੋਰਾਡੋ ਦੇ ਡੇਨਵਰ ਵਾਪਸ ਜਾਣਾ ਪਿਆ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਇਹ ਜਾਣਕਾਰੀ ਦਿਤੀ। ਸਾਊਥਵੈਸਟ ਏਅਰਲਾਈਨਜ਼ ਨੇ ਇਕ ਬਿਆਨ ਵਿਚ ਕਿਹਾ ਕਿ ਬੋਇੰਗ 737 ਸੁਰੱਖਿਅਤ ਉਤਰ ਗਿਆ ਅਤੇ ਹਿਊਸਟਨ ਜਾਣ ਵਾਲੇ ਮੁਸਾਫ਼ਰਾਂ ਨੂੰ ਇਕ ਹੋਰ ਜਹਾਜ਼ ਵਿਚ ਬਿਠਾਇਆ ਗਿਆ।
ਬਿਆਨ ਮੁਤਾਬਕ ਏਅਰਲਾਈਨ ਨੇ ਕਿਹਾ ਹੈ ਕਿ ਉਸ ਦੀ ਦੇਖਭਾਲ ਟੀਮ ਜਹਾਜ਼ ਦੀ ਜਾਂਚ ਕਰ ਰਹੀ ਹੈ। ਇਸ ਹਫਤੇ ਇਹ ਦੂਜੀ ਵਾਰ ਹੈ ਜਦੋਂ ਏਅਰਲਾਈਨ ਦੇ ਜਹਾਜ਼ ’ਚ ਖਰਾਬੀ ਆਈ ਹੈ। ਪਿਛਲੇ ਵੀਰਵਾਰ ਨੂੰ ਟੈਕਸਾਸ ਤੋਂ ਉਨ੍ਹਾਂ ਦੀ ਉਡਾਣ ਜਹਾਜ਼ ਦੇ ਇੰਜਣ ’ਚ ਅੱਗ ਲੱਗਣ ਕਾਰਨ ਰੱਦ ਕਰ ਦਿਤੀ ਗਈ ਸੀ। ਟੈਕਸਾਸ ਦੇ ਲੁਬੌਕ ਵਿਚ ਫਾਇਰ ਬ੍ਰਿਗੇਡ ਵਿਭਾਗ ਨੇ ਪੁਸ਼ਟੀ ਕੀਤੀ ਕਿ ਜਹਾਜ਼ ਦੇ ਦੋ ਇੰਜਣਾਂ ਵਿਚੋਂ ਇਕ ਵਿਚ ਅੱਗ ਲੱਗ ਗਈ ਸੀ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੋਹਾਂ ਘਟਨਾਵਾਂ ਦੀ ਜਾਂਚ ਕਰ ਰਿਹਾ ਹੈ। ਦੋਵੇਂ ਜਹਾਜ਼ 737-800 ਐੱਸ ਦੇ ਹਨ, ਜੋ 737 ਮੈਕਸ ਤੋਂ ਵੀ ਪੁਰਾਣੇ ਹਨ।