
ਪਾਕਿਸਤਾਨ ਵਿਚ ਈਸ਼ਨਿੰਦਾ ਦੇ ਦੋਸ਼ 'ਚ 8 ਸਾਲ ਜੇਲ ਕੱਟਣ ਮਗਰੋਂ ਹੋਈ ਸੀ ਰਿਹਾਅ
ਇਸਲਾਮਾਬਾਦ : ਪਾਕਿਸਤਾਨ ਵਿਚ ਈਸ਼ਨਿੰਦਾ ਦੇ ਦੋਸ਼ ਤੋਂ ਰਿਹਾਅ ਹੋਈ ਆਸੀਆ ਬੀਬੀ ਪਾਕਿਸਤਾਨ ਛੱਡ ਕੇ ਕੈਨੇਡਾ ਪਹੁੰਚ ਗਈ ਹੈ। ਆਸੀਆ ਨੇ ਪਾਕਿਸਤਾਨ ਦੀ ਜੇਲ ਵਿਚ 8 ਸਾਲ ਬਿਤਾਏ ਸਨ। ਬੀਤੇ ਸਾਲ 31 ਅਕਤੂਬਰ ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਰਿਹਾਅ ਕਰ ਦਿਤਾ ਸੀ।
Asia Bibi
ਰਿਹਾਈ ਤੋਂ ਬਾਅਦ ਦੇਸ਼ ਭਰ ਵਿਚ ਹੰਗਾਮਾ ਹੋਇਆ ਸੀ। ਲੱਖਾਂ ਲੋਕ ਸੜਕਾਂ 'ਤੇ ਉਤਰ ਆਏ ਸਨ ਅਤੇ ਉਨ੍ਹਾਂ ਨੇ ਸਰਕਾਰ, ਅਦਾਲਤ ਅਤੇ ਫ਼ੌਜ ਵਿਰੁਧ ਨਾਅਰੇਬਾਜ਼ੀ ਕੀਤੀ ਸੀ। ਇਕ ਈਸਾਈ ਮਹਿਲਾ ਨੂੰ ਈਸ਼ਨਿੰਦਾ ਦੇ ਦੋਸ਼ ਤੋਂ ਰਿਹਾਅ ਕਰਨ ਕਾਰਨ ਹਾਲਾਤ ਇੰਨੇ ਖਰਾਬ ਹੋ ਗਏ ਕਿ ਸੁਪਰੀਮ ਕੋਰਟ ਦੇ ਜੱਜਾਂ 'ਤੇ ਵੀ ਗਲਤ ਟਿੱਪਣੀਆਂ ਕੀਤੀਆਂ ਗਈਆਂ। ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਸੱਚੇ ਮੁਸਲਮਾਨ ਨਹੀਂ ਹਨ। ਇਸ ਮਗਰੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਡੀਓ ਜਾਰੀ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ।
Asia Bibi
ਇਮਰਾਨ ਖਾਨ ਨੇ ਕਿਹਾ ਸੀ ਕਿ ਰਿਹਾਈ ਦਾ ਫ਼ੈਸਲਾ ਇਸਲਾਮੀ ਕਾਨੂੰਨ ਦੇ ਤਹਿਤ ਹੀ ਲਿਆ ਗਿਆ ਹੈ ਅਤੇ ਇਸ ਨੂੰ ਸਾਰੇ ਲੋਕਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਖ਼ਾਨ ਨੇ ਹਿੰਸਾ ਫੈਲਾਉਣ ਵਾਲੇ ਲੋਕਾਂ ਵਿਰੁਧ ਕਾਰਵਾਈ ਦੀ ਵੀ ਚਿਤਾਵਨੀ ਦਿਤੀ।