
ਫ਼ਲੀਪੀਨਜ਼ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤਰਤੇ ਕਿਹਾ ਕਿ ਜੇ ਕੋਈ ਵੀ ਵਿਅਕਤੀ ਇਹ ਸਾਬਤ ਕਰ ਦੇਵੇ ਕਿ ਦੁਨੀਆਂ 'ਚ ਰੱਬ ਹੈ..............
ਮਨੀਲਾ : ਫ਼ਲੀਪੀਨਜ਼ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤਰਤੇ ਕਿਹਾ ਕਿ ਜੇ ਕੋਈ ਵੀ ਵਿਅਕਤੀ ਇਹ ਸਾਬਤ ਕਰ ਦੇਵੇ ਕਿ ਦੁਨੀਆਂ 'ਚ ਰੱਬ ਹੈ ਤਾਂ ਉਹ ਤੁਰੰਤ ਅਸਤੀਫ਼ਾ ਦੇ ਦੇਣਗੇ। ਦਰਅਸਲ ਕੁੱਝ ਸਮਾਂ ਪਹਿਲਾਂ ਉਨ੍ਹਾਂ ਨੇ ਇਕ ਭਾਸ਼ਨ ਦੌਰਾਨ ਬਾਈਬਲ ਦੀ ਇਕ ਕਹਾਣੀ ਦੀ ਨਿਖੇਧੀ ਕੀਤੀ ਸੀ। ਨਾਲ ਹੀ ਰੱਬ ਨੂੰ 'ਮੂਰਖ' ਤਕ ਕਹਿ ਦਿਤਾ ਸੀ। ਇਸ ਤੋਂ ਬਾਅਦ ਕੈਥੋਲਿਕ ਬਹੁਗਿਣਤੀ ਦੇਸ਼ ਫ਼ਲੀਪੀਨਜ਼ 'ਚ ਵਿਵਾਦ ਖੜਾ ਹੋ ਗਿਆ ਸੀ। ਸਨਿਚਰਵਾਰ ਨੂੰ ਦੁਤਰਤੇ ਨੇ ਦਾਵੋਸ 'ਚ ਇਕ ਵਿਗਿਆਨ ਪ੍ਰੋਗਰਾਮ ਦੌਰਾਨ ਆਲੋਚਕਾਂ ਨੂੰ ਪੁਛਿਆ, ''ਕੀ ਰੱਬ ਹੈ, ਇਸ ਦਾ ਕੀ ਤਰਕ ਹੈ? ਜੇ ਕੋਈ ਵਿਅਕਤੀ ਰੱਬ ਨਾਲ ਸੈਲਫ਼ੀ ਵਿਖਾ ਦੇਵੇ ਤਾਂ ਮੈਂ ਅਹੁਦਾ ਛੱਡ ਦਿਆਂਗਾ।
'' ਹਾਲਾਂਕਿ ਕੁੱਝ ਦੇਰ ਬਾਅਦ ਉਨ੍ਹਾਂ ਨੇ ਅਪਣੀ ਗੱਲ ਤੋਂ ਪਲਟਦਿਆਂ ਕਿਹਾ ਕਿ ਦੁਨੀਆਂ 'ਚ ਕੋਈ ਰੱਬੀ ਸ਼ਕਤੀ ਜ਼ਰੂਰ ਹੈ, ਜੋ ਤਾਰਿਆਂ ਅਤੇ ਖਗੋਲ ਪਿੰਡਾਂ ਤੋਂ ਮਨੁੱਖਾਂ ਦੀ ਰਖਿਆ ਕਰਦੀ ਹੈ। ਦੁਤਰਤੇ ਨੇ ਚਰਚ ਦੀਆਂ ਪਰੰਪਰਾਵਾਂ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਚਰਚ 'ਚ ਬੱਚਿਆਂ ਨੂੰ ਵੀ ਅਸ਼ੁੱਧ ਦਸਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਸ਼ੁੱਧ ਕਰਨ ਲਈ ਟੈਕਸ ਲਿਆ ਜਾਂਦਾ ਹੈ। ਦੁਤਰਤੇ ਸਾਲ 2015 'ਚ ਪੋਪ ਲਈ ਵੀ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰ ਚੁੱਕੇ ਹਨ। ਇਕ ਕੈਥੋਲਿਕ ਬਿਸ਼ਪ ਨੇ ਦੁਤਰਤੇ ਨੂੰ ਮਨੋਰੋਗੀ ਤਕ ਦੱਸ ਦਿਤਾ ਸੀ। ਸਿਆਸੀ ਵਿਰੋਧੀਆਂ ਨੇ ਕਿਹਾ ਸੀ ਕਿ ਦੁਤਰਤੇ ਇਕ ਅਜਿਹੇ ਵਿਅਕਤੀ ਹਨ, ਜਿਨ੍ਹਾਂ ਦੀਆਂ ਨੀਤੀਆਂ 'ਚ ਬੇਰਹਿਮੀ ਤੇ ਧੋਖੇਬਾਜ਼ੀ ਹੈ। (ਪੀਟੀਆਈ)