
ਹਜ਼ਾਰਾਂ ਭਾਰਤੀ ਵਿਦਿਆਰਥੀਆਂ 'ਤੇ ਲਟਕੀ ਖ਼ਤਰੇ ਦੀ ਤਲਵਾਰ
ਵਾਸ਼ਿੰਗਟਨ, 7 ਜੁਲਾਈ : ਅਮਰੀਕੀ ਪਰਵਾਸ ਵਿਭਾਗ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ ਛਡਣਾ ਪਵੇਗਾ ਜਿਨ੍ਹਾਂ ਦੀਆਂ ਯੂਨੀਵਰਸਿਟੀਆਂ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਇਸ ਸਮੈਸਟਰ ਦੌਰਾਨ ਮੁਕੰਮਲ ਰੂਪ ਵਿਚ ਆਨਲਾਈਨ ਜਮਾਤਾਂ ਚਲਾਉਣਗੀਆਂ। ਇਸ ਫ਼ੈਸਲੇ ਨਾਲ ਹਜ਼ਾਰਾਂ ਭਾਰਤੀ ਵਿਦਿਆਰਥੀ ਪ੍ਰਭਾਵਤ ਹੋਣਗੇ। ਆਈਸੀਈ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ 2020 ਵਿਚ ਚੱਲਣ ਵਾਲੇ ਸਮੈਸਟਰ ਵਿਚ ਪੂਰੀ ਤਰ੍ਹਾਂ ਨਾਲ ਆਨਲਾਈਨ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਮੁਕੰਮਲ ਆਨਲਾਈਨ ਪਾਠਕ੍ਰਮ ਦਾ ਲਾਭ ਲੈ ਕੇ ਅਮਰੀਕਾ ਵਿਚ ਨਹੀਂ ਰਹਿ ਸਕਦੇ। ਸਤੰਬਰ ਤੋਂ ਦਸੰਬਰ ਦੇ ਸਮੈਸਟਰ ਦੇ ਸਬੰਧ ਵਿਚ ਕਿਹਾ ਗਿਆ ਹੈ, 'ਅਮਰੀਕੀ ਵਿਦੇਸ਼ ਮੰਤਰਾਲਾ ਉਨ੍ਹਾਂ ਵਿਦਿਆਰਥੀਆਂ ਲਈ ਵੀਜ਼ਾ ਜਾਰੀ ਨਹੀਂ ਕਰੇਗਾ ਜਿਨ੍ਹਾਂ ਸਕੂਲ ਜਾਂ ਪਾਠਕ੍ਰਮ ਆਨਲਾਈਨ ਕਲਾਸਾਂ ਚਲਾ ਰਹੇ ਹਨ
ਅਤੇ ਅਮਰੀਕੀ ਸਰਹੱਦੀ ਸੁਰੱਖਿਆ ਵਿਭਾਗ ਇਨ੍ਹਾਂ ਵਿਦਿਆਰਥੀਆਂ ਨੂੰ ਅਮਰੀਕਾ ਵਿਚ ਦਾਖ਼ਲ ਹੋਣ ਦੀ ਆਗਿਆ ਵੀ ਨਹੀਂ ਦੇਵੇਗਾ। ਏਜੰਸੀ ਨੇ ਅਮਰੀਕਾ ਵਿਚ ਪੜ੍ਹ ਰਹੇ ਅਜਿਹੇ ਵਿਦਿਆਰਥੀਆਂ ਨੂੰ ਉਨ੍ਹਾਂ ਸਕੂਲਾਂ ਵਿਚ ਤਬਾਦਲਾ ਕਰਾਉਣ ਦਾ ਸੁਝਾਅ ਦਿਤਾ ਹੈ ਜਿਥੇ ਜਮਾਤਾਂ ਸਕੂਲ ਵਿਚ ਲੱਗ ਰਹੀਆਂ ਹਨ। ਅਮਰੀਕੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਐਫ਼-1 ਵੀਜ਼ਾ 'ਤੇ ਇਥੇ ਆਉਂਦੇ ਹਨ। ਅਮਰੀਕਾ ਵਿਚ 2017 ਵਿਚ ਚੀਨ ਦੇ ਸੱਭ ਤੋਂ ਜ਼ਿਆਦਾ 478732 ਵਿਦਿਆਰਥੀਆਂ ਮਗਰੋਂ 251290 ਭਾਰਤੀ ਵਿਦਿਆਰਥੀ ਸਨ। ਸਾਲ 2017 ਤੋਂ 2018 ਵਿਚਾਲੇ ਅਮਰੀਕਾ ਵਿਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ 4157 ਦਾ ਵਾਧਾ ਹੋਇਆ। ਨਵੇਂ ਹੁਕਮਾਂ ਨਾਲ ਇਥੇ ਪੜ੍ਹ ਰਹੇ ਹਜ਼ਾਰਾਂ ਵਿਦਿਆਰਥੀਆਂ ਦੀ ਚਿੰਤਾ ਵਧ ਗਈ ਹੈ ਅਤੇ ਉਹ ਵਿਦਿਆਰਥੀ ਵੀ ਚਿੰਤਿਤ ਹਨ ਜਿਹੜੇ ਸਤੰਬਰ ਵਿਚ ਸ਼ੁਰੂ ਹੋ ਰਹੇ ਅਕਾਦਮਿਕ ਸੈਸ਼ਨ ਲਈ ਅਮਰੀਕਾ ਆਉਣ ਦੀ ਤਿਆਰੀ ਕਰ ਰਹੇ ਹਨ।