
ਅਦਾਲਤ ਨੇ ਆਪਣੇ ਫੈਸਲੇ ਵਿਚ ਦੋਸ਼ੀ ਨੂੰ 18 ਸਾਲ ਦੀ ਨਿਵਾਰਕ ਹਿਰਾਸਤ ਅਤੇ 12 ਕੋੜਿਆਂ ਦੀ ਸਜ਼ਾ ਸੁਣਾਈ ਹੈ।
ਸਿੰਗਾਪੁਰ - ਸਿੰਗਾਪੁਰ ਵਿਚ ਘਰੇਲੂ ਨੌਕਰ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ 18 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਸਥਾਨਕ ਮੀਡੀਆ ਰਿਪੋਰਟ 'ਚ ਦਿਤੀ ਗਈ।
ਆਮ ਲੋਕਾਂ ਨੂੰ ਆਦਤਨ ਅਪਰਾਧੀਆਂ ਤੋਂ ਬਚਾਉਣ ਲਈ ਉਸ ਨੂੰ ਨਿਵਾਰਕ ਹਿਰਾਸਤ ਦੀ ਸਜ਼ਾ ਸੁਣਾਈ ਜਾਂਦੀ ਹੈ।
ਇਕ ਚੈਨਲ ਦੀ ਰਿਪੋਰਟ ਅਨੁਸਾਰ, ਮਾਰਕ ਕਲਾਇਵਨਨ ਤਮਿਲਾਰਸਨ ਨੂੰ ਚਾਰ ਦੋਸ਼ਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ, ਜਿਸ ਵਿਚ ਗੰਭੀਰ ਜਿਨਸੀ ਸੋਸ਼ਣ, ਜਿਨਸੀ ਸ਼ੋਸ਼ਣ ਲਈ ਘਰਾ ’ਚ ਦਾਖਲ ਹੋਣਾ ਅਤੇ ਇੱਕ ਜਨਤਕ ਸੇਵਕ ਦਾ ਰੂਪ ਧਾਰਣਾ ਸ਼ਾਮਲ ਹਨ।
ਰਿਪੋਰਟਾਂ ਦੇ ਅਨੁਸਾਰ, ਉਹ ਜੁਲਾਈ 2017 ਵਿਚ ਨਸ਼ੇ ਦੀ ਹਾਲਤ ਵਿਚ ਇੱਕ ਫਲੈਟ ਵਿਚ ਦਾਖਲ ਹੋਇਆ ਸੀ ਅਤੇ ਉੱਥੇ ਇੱਕ ਘਰੇਲੂ ਨੌਕਰ ਨਾਲ ਜਿਨਸੀ ਸ਼ੋਸ਼ਣ ਕੀਤਾ ਸੀ। ਇਸ ਤੋਂ ਪਹਿਲਾਂ ਉਹ ਪੀੜਤਾ 'ਤੇ ਵੀ ਹਮਲਾ ਕਰ ਚੁੱਕਾ ਹੈ।
ਇਸ ਘਟਨਾ ਤੋਂ ਪਹਿਲਾਂ ਉਹ ਬਲਾਤਕਾਰ ਦੇ ਦੋਸ਼ ਵਿਚ 16 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਰਿਹਾਅ ਹੋ ਗਿਆ ਸੀ।
ਡਿਪਟੀ ਪਬਲਿਕ ਪ੍ਰੌਸੀਕਿਊਟਰ ਚਿਊ ਜ਼ਿਨ ਯਿੰਗ ਅਤੇ ਸ਼ੈਲਡਨ ਲਿਮ ਨੇ ਕਲਾਇਵਨਨ ਲਈ ਨਿਵਾਰਕ ਨਜ਼ਰਬੰਦੀ ਵਿਚ ਵੱਧ ਤੋਂ ਵੱਧ 20 ਸਾਲ ਦੀ ਸਜ਼ਾ ਦੀ ਮੰਗ ਕੀਤੀ। ਅਦਾਲਤ ਨੇ ਆਪਣੇ ਫੈਸਲੇ ਵਿਚ ਦੋਸ਼ੀ ਨੂੰ 18 ਸਾਲ ਦੀ ਨਿਵਾਰਕ ਹਿਰਾਸਤ ਅਤੇ 12 ਕੋੜਿਆਂ ਦੀ ਸਜ਼ਾ ਸੁਣਾਈ ਹੈ।