
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਭਵਿੱਖ ਵਿਚ ਪਾਕਿਸਤਾਨ ਦੂਜੇ ਦੇਸ਼ਾਂ ਦੀਆਂ ਲੜਾਈਆਂ ਨਹੀਂ ਲੜੇਗਾ...........
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਭਵਿੱਖ ਵਿਚ ਪਾਕਿਸਤਾਨ ਦੂਜੇ ਦੇਸ਼ਾਂ ਦੀਆਂ ਲੜਾਈਆਂ ਨਹੀਂ ਲੜੇਗਾ। ਉਨ੍ਹਾਂ ਨੇ ਇਹ ਗੱਲ ਰਾਵਲਪਿੰਡੀ ਦੇ ਫ਼ੌਜੀ ਹੈੱਡਕੁਆਰਟਰ ਵਿਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਕਹੀ। ਪ੍ਰਧਾਨ ਮੰਤਰੀ ਇਮਰਾਨ ਖਾਨ ਰਾਵਲਪਿੰਡੀ ਸਥਿਤ ਫੌਜੀ ਹੈੱਡਕੁਆਰਟਰ ਵਿਚ ਆਯਜਿਤ 'ਡਿਫੈਂਸ ਐਂਡ ਮਾਰਟੇਅਰਸ ਡੇਅ ਸੇਰੇਮਨੀ' ਦੌਰਾਨ ਬੋਲ ਰਹੇ ਸਨ। ਇਸ ਸਮਾਰੋਹ ਵਿਚ ਸੰਸਦ ਮੈਂਬਰ, ਡਿਪਲੋਮੈਟਿਕ, ਖਿਡਾਰੀ, ਕਲਾਕਾਰ ਅਤੇ ਹੋਰ ਹਸਤੀਆਂ ਵੀ ਮੌਜੂਦ ਸਨ।
ਅਤਿਵਾਦ 'ਤੇ ਲੜਾਈ ਕਾਰਨ ਹੋਈ ਬਰਬਾਦੀ ਅਤੇ ਦਰਦ ਬਾਰੇ ਬੋਲਦਿਆਂ ਇਮਰਾਨ ਨੇ ਕਿਹਾ,''ਉਹ ਸ਼ੁਰੂ ਤੋਂ ਹੀ ਯੁੱਧ ਦੇ ਵਿਰੁੱਧ ਰਹੇ ਹਨ ਅਤੇ ਉਨ੍ਹਾਂ ਦੀ ਸਰਕਾਰ ਦੀ ਪਾਲਿਸੀ ਰਾਸ਼ਟਰ ਦੇ ਹਿੱਤ ਵਿਚ ਹੋਵੇਗੀ।'' ਭਾਵੇਂ ਕਿ ਇਮਰਾਨ ਨੇ ਅੱਤਵਾਦ ਵਿਰੁੱਧ ਜ਼ੋਰਦਾਰ ਮੁਕਾਬਲਾ ਕਰਨ ਲਈ ਪਾਕਿਸਤਾਨੀ ਫੌਜ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ,''ਜਿਸ ਤਰ੍ਹਾਂ ਨਾਲ ਪਾਕਿਸਤਾਨ ਦੀ ਫੌਜ ਨੇ ਅਤਿਵਾਦ ਵਿਰੁੱਧ ਲੜਾਈ ਲੜੀ ਹੈ ਉਸ ਤਰ੍ਹਾਂ ਕਿਸੇ ਹੋਰ ਦੇਸ਼ ਨੇ ਨਹੀਂ ਕੀਤਾ।'' ਇਮਰਾਨ ਨੇ ਕਿਹਾ ਕਿ ਹਰ ਤਰ੍ਹਾਂ ਦੇ ਖਤਰੇ ਤੋਂ ਨਜਿੱਠਣ ਵਿਚ ਦੇਸ਼ ਦੀ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਦਾ ਯੋਗਦਾਨ ਬਿਹਤਰ ਰਿਹਾ ਹੈ।
ਉਨ੍ਹਾਂ ਦੀ ਸਰਕਾਰ ਅੱਤਵਾਦ ਵਿਰੁੱਧ ਲੜਾਈ ਨੂੰ ਉਦੋਂ ਤੱਕ ਜਾਰੀ ਰੱਖੇਗੀ ਜਦੋਂ ਤੱਕ ਉਹ ਪੂਰੀ ਤਰ੍ਹਾਂ ਨਾਲ ਲਾਜ਼ੀਕਲ ਹੈ। ਇਸ ਦੇ ਨਾਲ ਹੀ ਇਮਰਾਨ ਨੇ ਮਨੁੱਖੀ ਪੂੰਜੀ ਵਿਚ ਨਿਵੇਸ਼ ਦੀ ਗੱਲ ਕਰਦਿਆਂ ਬੱਚਿਆਂ ਨੂੰ ਸਕੂਲ ਭੇਜਣ, ਹਸਪਤਾਲਾਂ ਦੇ ਨਿਰਮਾਣ ਅਤੇ ਮੈਰਿਟ ਸਿਸਟਮ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਕੋਲ ਲੋੜੀਂਦੇ ਸਰੋਤ ਹਨ। ਇਮਰਾਨ ਨੇ ਕਿਹਾ ਅਸੀਂ ਖਣਿਜਾਂ ਦੇ ਧਨੀ ਹਾਂ, ਸਾਡੇ ਕੋਲ ਭੁਗੋਲਿਕ ਵਿਭਿੰਨਤਾ ਅਤੇ ਚਾਰ ਮੌਸਮ ਹਨ।
ਸਾਨੂੰ ਸਿਰਫ ਈਮਾਨਦਾਰੀ ਨਾਲ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਸੁਰੱਖਿਆ ਬਲ ਅਤੇ ਖ਼ੁਫੀਆ ਏਜੰਸੀਆਂ ਦੀ ਭੂਮਿਕਾ ਅਹਿਮ ਹੈ। ਪ੍ਰਸ਼ਾਸਨ ਅਤੇ ਫੌਜ ਵਿਚ ਵੰਡ ਦੀ ਗੱਲ ਨੂੰ ਰੱਦ ਕਰਦਿਆਂ ਇਮਰਾਨ ਨੇ ਕਿਹਾ ਕਿ ਦੋਵੇਂ ਦੇਸ਼ ਸਾਹਮਣੇ ਆਉਣ ਵਾਲੇ ਮੁੱਦਿਆਂ ਦੇ ਬਾਰੇ ਵਿਚ ਇਕ ਸਮਾਨ ਸੋਚ ਰੱਖਦੇ ਹਨ।
(ਏਜੰਸੀਆਂ)