
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਉਤਰੀ ਕੋਰੀਆ ਦੇ ਦੌਰੇ 'ਤੇ ਹਨ..........
ਸਿਓਲ : ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਉਤਰੀ ਕੋਰੀਆ ਦੇ ਦੌਰੇ 'ਤੇ ਹਨ। ਉਨ੍ਹਾਂ ਕਿਹਾ ਕਿ ਉਤਰੀ ਕੋਰੀਆ ਅਤੇ ਅਮਰੀਕਾ ਪਰਮਾਣੂ ਹਥਿਆਰਾਂ ਦੇ ਖਾਤਮੇ ਦੀ ਦਿਸ਼ਾ 'ਚ ਕੰਮ ਕਰਦੇ ਰਹਿਣਗੇ। ਪੋਂਪੀਓ ਨੇ ਉਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਦੋ ਘੰਟੇ ਤਕ ਚਲੀ ਮੁਲਾਕਾਤ ਤੋਂ ਬਾਅਦ ਇਹ ਗੱਲ ਆਖੀ। ਉਨ੍ਹਾਂ ਦੀ ਇਹ ਮੁਲਾਕਾਤ ਉਤਰੀ ਕੋਰੀਆ ਦੀ ਰਾਜਧਾਨੀ ਪਯੋਂਗਯਾਂਗ ਦੇ ਸਰਕਾਰੀ ਗੈਸਟ ਹਾਊਸ ਵਿਚ ਹੋਈ।
ਪੋਂਪੀਓ ਨਾਲ ਲੰਚ ਦੌਰਾਨ ਕਿਮ ਨੇ ਕਿਹਾ ਕਿ ਅੱਜ ਬਹੁਤ ਚੰਗਾ ਦਿਨ ਹੈ, ਜੋ ਦੋਹਾਂ ਦੇਸ਼ਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਾ ਹੈ। ਇਸ ਦੇ ਜਵਾਬ ਵਿਚ ਪੋਂਪੀਓ ਨੇ ਕਿਹਾ, ''ਮੇਜ਼ਬਾਨੀ ਲਈ ਧੰਨਵਾਦ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੁਹਾਨੂੰ ਸਨਮਾਨ ਭੇਜਿਆ ਹੈ। ਅੱਜ ਦੀ ਸਵੇਰ ਸਾਡੇ ਲਈ ਬਹੁਤ ਸਫਲ ਰਹੀ, ਤੁਹਾਡਾ ਬਹੁਤ-ਬਹੁਤ ਧੰਨਵਾਦ।''
ਪੋਂਪੀਓ ਨਾਲ ਆਏ ਇਕ ਅਮਰੀਕੀ ਅਧਿਕਾਰੀ ਨੇ ਦਸਿਆ ਕਿ ਇਸ ਵਾਰ ਦੀ ਯਾਤਰਾ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸਕਾਰਾਤਮਕ ਹੈ। ਅਧਿਕਾਰੀ ਨੇ ਦਸਿਆ ਕਿ ਅਪਣੇ ਏਸ਼ੀਆ ਦੌਰੇ 'ਤੇ ਪੋਂਪੀਓ ਸਭ ਤੋਂ ਪਹਿਲਾਂ ਜਾਪਾਨ ਗਏ ਸਨ। ਜਾਪਾਨ ਤੋਂ ਉਹ ਉਤਰੀ ਕੋਰੀਆ ਪਹੁੰਚੇ। ਇਸ ਦੇ ਬਾਅਦ ਉਨ੍ਹਾਂ ਦਾ ਦਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨਾਲ ਵੀ ਮਿਲਣ ਦਾ ਪ੍ਰੋਗਰਾਮ ਹੈ। ਦੇਸ਼ ਵਾਪਸ ਪਰਤਣ ਤੋਂ ਪਹਿਲਾਂ ਪੋਂਪੀਓ ਸੋਮਵਾਰ ਨੂੰ ਚੀਨ ਜਾਣਗੇ। (ਪੀਟੀਆਈ)