Pakistan News: ਪਾਕਿਸਤਾਨੀ ਕੁੜੀ ਦੇ ਸਿਰ ’ਤੇ ਹੋਇਆ ਇਸ਼ਕ ਦਾ ਭੂਤ ਸਵਾਰ
Pakistan News: ਕਿਹਾ ਜਾਂਦਾ ਹੈ ਕਿ ਜਦੋਂ ਬੰਦੇ ਦੇ ਸਿਰ ’ਤੇ ਇਸ਼ਕ ਦਾ ਭੂਤ ਸਵਾਰ ਹੋ ਜਾਂਦਾ ਹੈ ਤਾਂ ਉਸ ਨੂੰ ਚੰਗੇ ਮਾੜੇ ਦੀ ਸੋਝੀ ਨਹੀਂ ਰਹਿੰਦੀ। ਅਜਿਹਾ ਹੀ ਮਾਮਲਾ ਪਾਕਿਸਤਾਨ ਤੋਂ ਸਾਹਮਣੇ ਆਇਆ ਹੈ ਜਿਥੇ ਇਸ਼ਕ ’ਚ ਅੰਨ੍ਹੀ ਹੋਈ ਕੁੜੀ ਨੇ ਅਪਣੇ ਹੀ ਪਰਵਾਰ ਦੇ 13 ਜੀਆਂ ਨੂੰ ਗੱਡੀ ਚਾੜ੍ਹ ਦਿਤਾ। ਪਾਕਿਸਤਾਨ ਦੇ ਸਿੰਧ ਸੂਬੇ ’ਚ ਇਕ ਲੜਕੀ ਨੇ ਅਪਣੇ ਪਰਵਾਰ ਦੇ 13 ਲੋਕਾਂ ਨੂੰ ਖਾਣੇ ’ਚ ਜ਼ਹਿਰ ਮਿਲਾ ਕੇ ਮਾਰ ਦਿਤਾ। ਲੜਕੀ ਦਾ ਪਰਵਾਰ ਅਪਣੀ ਮਰਜ਼ੀ ਮੁਤਾਬਕ ਉਸ ਦਾ ਵਿਆਹ ਕਰਨ ਲਈ ਤਿਆਰ ਨਹੀਂ ਸੀ। ਲੜਕੀ ਨੇ ਗੁੱਸੇ ’ਚ ਇਹ ਕਦਮ ਚੁਕਿਆ।
ਸਾਰੇ ਲੋਕਾਂ ਦੀ ਮੌਤ 19 ਅਗਸਤ ਨੂੰ ਖੈਰਪੁਰ ਨੇੜੇ ਹੈਬਤ ਖ਼ਾਨ ਬਰੋਹੀ ਪਿੰਡ ਵਿਚ ਹੋਈ ਸੀ। ਲੜਕੀ ਨੇ ਅਪਣੇ ਪ੍ਰੇਮੀ ਨਾਲ ਮਿਲ ਕੇ ਖਾਣੇ ’ਚ ਜ਼ਹਿਰ ਮਿਲਾਉਣ ਦੀ ਸਾਜ਼ਿਸ਼ ਰਚੀ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਅਧਿਕਾਰੀ ਇਨਾਇਤ ਸ਼ਾਹ ਨੇ ਕਿਹਾ, ‘ਖਾਣਾ ਖਾਣ ਤੋਂ ਬਾਅਦ ਸਾਰੇ 13 ਮੈਂਬਰ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਸਾਰਿਆਂ ਦੀ ਮੌਤ ਹੋ ਗਈ। ਜਦੋਂ ਪੋਸਟਮਾਰਟਮ ਕਰਵਾਇਆ ਗਿਆ ਤਾਂ ਸਾਹਮਣੇ ਆਇਆ ਕਿ ਇਨ੍ਹਾਂ ਵਿਅਕਤੀਆਂ ਦੀ ਮੌਤ ਜ਼ਹਿਰੀਲਾ ਭੋਜਨ ਖਾਣ ਕਾਰਨ ਹੋਈ ਹੈ।
ਪੁਲਿਸ ਨੇ ਜਦੋਂ ਬਾਰੀਕੀ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਬੇਟੀ ਅਤੇ ਉਸ ਦੇ ਪ੍ਰੇਮੀ ਨੇ ਘਰ ’ਚ ਰੋਟੀ ਬਣਾਉਣ ਲਈ ਵਰਤੀ ਜਾਂਦੀ ਕਣਕ ’ਚ ਜ਼ਹਿਰ ਮਿਲਾ ਦਿਤਾ ਸੀ। ਪੁਲਿਸ ਨੇ ਐਤਵਾਰ ਨੂੰ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ। ਲੜਕੀ ਨੇ ਅਪਣੇ ਪ੍ਰੇਮੀ ਦੀ ਮਦਦ ਨਾਲ ਕਣਕ ’ਚ ਜ਼ਹਿਰ ਮਿਲਾਉਣ ਦੀ ਗੱਲ ਕਬੂਲੀ।
ਕੁੜੀ ਨੇ ਮੰਨਿਆ ਕਿ ਉਨ੍ਹਾਂ ਸਾਰਿਆਂ ਦੀ ਮੌਤ ਲਈ ਉਹ ਹੀ ਜ਼ਿੰਮੇਵਾਰ ਹੈ ਕਿਉਂਕਿ ਉਹ ਉਸ ਦੀ ਪਸੰਦ ਅਨੁਸਾਰ ਵਿਆਹ ਕਰਨ ਲਈ ਤਿਆਰ ਨਹੀਂ ਸਨ।