
ਜੇਲ੍ਹ ਤੋਂ ਬਚਣ ਲਈ ਮਾਜੋਤੀ ਸਾਹਿਲ ਰੂਸੀ ਫ਼ੌਜ ’ਚ ਹੋਇਆ ਸੀ ਭਰਤੀ, ਗੁਜਰਾਤ ਸੂਬੇ ਨਾਲ ਸਬੰਧਤ ਹੈ ਨੌਜਵਾਨ
ਕੀਵ : ਰੂਸ ਵੱਲੋਂ ਜੰਗ ਲੜ ਰਹੇ 22 ਸਾਲ ਦੇ ਇਕ ਭਾਰਤੀ ਵਿਦਿਆਰਥੀ ਮਾਜੋਤੀ ਸਾਹਿਲ ਮੁਹੰਮਦ ਹੁਸੈਨ ਨੇ ਯੂਕਰੇਨ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਮਾਜੋਤੀ ਗੁਜਰਾਤ ਦੇ ਮੋਰਬੀ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਉਹ ਪੜ੍ਹਾਈ ਕਰਨ ਲਈ ਰੂਸ ਗਿਆ ਸੀ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਯੂਕਰੇਨ ਦੀ 63ਵੀਂ ਮੈਕੇਨਾਈਜ਼ਡ ਬ੍ਰਿਗੇਡ ਨੇ ਮੰਗਲਵਾਰ ਨੂੰ ਵੀਡੀਓ ਜਾਰੀ ਕਰਕੇ ਦੱਸਿਆ ਕਿ ਮਾਜੋਤੀ ਨੂੰ ਡਰੱਗ ਕੇਸ ’ਚ 7 ਸਾਲ ਦੀ ਜੇਲ੍ਹ ਹੋਈ ਸੀ। ਜੇਲ੍ਹ ਤੋਂ ਬਚਣ ਲਈ ਉਸ ਨੂੰ ਰੂਸੀ ਫ਼ੌਜ ’ਚ ਸ਼ਾਮਲ ਹੋਣ ਦਾ ਆਫ਼ਰ ਮਿਲਿਆ ਸੀ।
ਮਾਜੋਤੀ ਨੇ ਵੀਡੀਓ ’ਚ ਕਿਹਾ ਕਿ ਉਹ ਜੇਲ੍ਹ ਨਹੀਂ ਜਾਣਾ ਚਾਹੁੰਦਾ ਸੀ ਇਯ ਲਈ ਉਸ ਨੇ ਰੂਸੀ ਫ਼ੌਜ ਦਾ ਕੰਟਰੈਕਟ ਸਾਈਨ ਕਰ ਲਿਆ। ਉਸ ਨੂੰ ਸਿਰਫ਼ 16 ਦਿਨ ਦੀ ਟ੍ਰੇਨਿੰਗ ਦਿੱਤੀ ਗਈ ਅਤੇ 1 ਅਕਤੂਬਰ ਨੂੰ ਪਹਿਲੀ ਜੰਗ ’ਚ ਭੇਜਿਆ ਗਿਆ। ਤਿੰਨ ਬਾਅਦ ਆਪਣੇ ਕਮਾਂਡਰ ਨਾਲ ਝਗੜੇ ਤੋਂ ਬਾਅਦ ਉਸ ਨੇ ਯੂਕਰੇਨੀ ਫ਼ੌਜ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਵਿਦਿਆਰਥੀ ਨੇ ਦੱਸਿਆ ਕਿ ਮੈਂ ਹਥਿਆਰ ਸੁੱਟ ਦਿੱਤੇ ਅਤੇ ਕਿਹਾ ਕਿ ਮੈਂ ਲੜਨਾ ਨਹੀਂ, ਮੈਨੂੰ ਮਦਦ ਚਾਹੀਦੀ ਹੈ। ਉਸ ਵੱਲੋਂ ਇਹ ਸਾਰੀਆਂ ਰੂਸੀ ਭਾਸ਼ਾ ’ਚ ਕਹੀਆਂ ਗਈਆਂ।
ਮਾਜੋਤੀ ਨੇ ਕਿਹਾ ਕਿ ਉਹ ਰੂਸ ਵਾਪਸ ਨਹੀਂ ਜਾਣਾ ਚਾਹੁੰਦਾ। ਉਸ ਨੇ ਇਹ ਵੀ ਦੱਸਿਆ ਕਿ ਉਸ ਨਾਲ ਫ਼ੌਜ ’ਚ ਸ਼ਾਮਲ ਹੋਣ ਬਦਲੇ ਪੈਸੇ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਉਸ ਨੂੰ ਕੁੱਝ ਨਹੀਂ ਮਿਲਿਆ। ਯੂਕਰੇਨ ਨੇ ਕਈ ਵਿਦੇਸ਼ੀ ਸੈਨਿਕਾਂ ਨੂੰ ਰੂਸ ਦੇ ਲਈ ਲੜਦੇ ਹੋਏ ਫੜਿਆ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰੂਸ ਨੇ ਭਾਰਤ ਵਰਗੇ ਦੇਸ਼ ਦੇ ਲੋਕਾਂ ਨੂੰ ਨੌਕਰੀ ਜਾਂ ਪੜ੍ਹਾਈ ਦਾ ਲਾਲਚ ਦੇ ਸੈਨਾ ’ਚ ਭਰਤੀ ਕੀਤਾ।
ਕੀਵ ਵਿੱਚ ਭਾਰਤੀ ਦੂਤਾਵਾਸ ਵੱਲੋਂ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਜਦਕਿ ਯੂਕਰੇਨ ਤੋਂ ਅਜੇ ਤੱਕ ਇਸ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ। ਪਿਛਲੇ ਮਹੀਨੇ, ਭਾਰਤ ਸਰਕਾਰ ਨੇ ਮੰਗ ਕੀਤੀ ਸੀ ਕਿ ਰੂਸ ਆਪਣੀ ਫੌਜ ਵਿੱਚ ਭਾਰਤੀਆਂ ਦੀ ਭਰਤੀ ਬੰਦ ਕਰੇ ਅਤੇ ਫੌਜ ਵਿੱਚ ਪਹਿਲਾਂ ਤੋਂ ਮੌਜੂਦ ਭਾਰਤੀ ਨਾਗਰਿਕਾਂ ਨੂੰ ਵੀ ਰਿਹਾਅ ਕਰੇ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਜਨਤਾ ਨੂੰ ਸਲਾਹ ਦਿੱਤੀ ਸੀ ਕਿ ਉਹ ਰੂਸੀ ਫੌਜ ਵਿੱਚ ਸ਼ਾਮਲ ਹੋਣ ਦੀ ਕਿਸੇ ਵੀ ਪੇਸ਼ਕਸ਼ ਵੱਲ ਧਿਆਨ ਨਾ ਦੇਣ ਕਿਉਂਕਿ ਇਹ ਜੋਖਮ ਭਰਿਆ ਹੈ।