ਭਾਰਤੀ ਵਿਦਿਆਰਥੀਆਂ ਨੂੰ LMIA ਦੇਣ ਦੇ ਨਾਂ 'ਤੇ ਕੀਤੀ ਧੋਖਾਧੜੀ ਤੇ ਸੋਸ਼ਣ
- ਜਬਰੀ ਵੱਧ ਘੰਟੇ ਕੰਮ ਕਰਾਉਣ ਲਈ ਬੇਇੱਜ਼ਤ ਕਰਨ ਦੇ ਨਾਲ ਕਰਦੇ ਸਨ ਕੁੱਟਮਾਰ
- ਮਰੀਨਾ ਡੋਸਾ ਅਤੇ ਤੰਦੂਰੀ ਗਰਿੱਲ ਨਾਂਅ ਦੇ ਸਨ ਰੈਸਟੋਰੈਂਟ
ਕੈਲਗਰੀ (ਸਸਸ) : ਕੈਲਗਰੀ ਦੀ ਅਦਾਲਤ ਨੇ ਭਾਰਤੀ ਰੇਸਤਰਾਂ ਦੇ ਤਿੰਨ ਮਾਲਕਾਂ ਨੂੰ ਆਪਣੇ ਕਾਮਿਆਂ ਨਾਲ ਧੋਖਾਧੜੀ ਅਤੇ ਸੋਸ਼ਣ ਦੇ ਦੋਸ਼ੀ ਐਲਾਨਦਿਆਂ ਜੁਰਮਾਨਾ ਅਤੇ ਕੈਦ ਦੀ ਸਜਾ ਸੁਣਾਈ ਹੈ। ਮਰੀਨਾ ਡੋਸਾ ਅਤੇ ਤੰਦੂਰੀ ਗਰਿੱਲ ਨਾਂਅ ਹੇਠ ਇਹ ਰੇਸਤਰਾਂ ਭਾਰਤੀ ਮੂਲ ਦੇ ਭਰਾਵਾਂ ਵਲੋਂ ਚਲਾਇਆ ਜਾ ਰਿਹਾ ਸੀ।
ਉਥੇ ਕੰਮ ਕਰਦੇ ਰਹੇ ਕੁਝ ਭਾਰਤੀ ਵਿਦਿਆਰਥੀਆਂ ਨੇ ਕੇਸ ਦਰਜ ਕਰਾਇਆ ਸੀ ਕਿ ਮਾਲਕਾਂ ਨੇ ਉਨ੍ਹਾਂ ਨੂੰ ਪੱਕੇ ਕਰਾਉਣ ਲਈ ਐਲ.ਐਮ.ਆਈ.ਏ. ਦੇਣ ਬਦਲੇ ਹਜ਼ਾਰਾਂ ਡਾਲਰ ਲੈ ਲਏ ਅਤੇ ਉਨ੍ਹਾਂ ਤੋਂ ਕਰਵਾਏ ਕੰਮ ਬਦਲੇ ਬਹੁਤ ਘੱਟ ਉਜਰਤ ਦੇ ਕੇ ਉਨ੍ਹਾਂ ਦਾ ਸੋਸ਼ਣ ਕੀਤਾ।
ਉਨ੍ਹਾਂ ਦੋਸ਼ ਲਾਇਆ ਸੀ ਕਿ ਨਾ ਤਾਂ ਉਨ੍ਹਾਂ ਨੂੰ ਪੱਕੇ ਕਰਾਇਆ ਗਿਆ ਤੇ ਨਾ ਹੀ ਪੈਸੇ ਮੋੜੇ ਗਏ ਬਲਕਿ ਜਬਰੀ ਵੱਧ ਘੰਟੇ ਕੰਮ ਕਰਾਉਣ ਲਈ ਬੇਇੱਜ਼ਤ ਕਰਨ ਦੇ ਨਾਲ-ਨਾਲ ਕੁੱਟ ਮਾਰ ਕੀਤੀ ਗਈ।
ਵਿਦਿਆਰਥੀਆਂ ਨੇ ਮਾਲਕਾਂ ਵਲੋਂ ਪ੍ਰਦਾਨ ਕੀਤੀ ਗਈ ਤੰਗ ਰਿਹਾਇਸ਼ ਦੇ ਸਬੂਤ ਪੇਸ਼ ਕੀਤੇ, ਜਿਸ ਨੂੰ ਅਦਾਲਤ ਨੇ ਬਹੁਤ ਮਾੜਾ ਮੰਨਿਆ। ਉਥੋਂ ਦੇ ਸਮਾਜ ਸੇਵੀ ਜੇ.ਐਸ. ਕਲੇਰ ਅਨੁਸਾਰ ਅਦਾਲਤ ਨੇ ਪਹਿਲੀ ਵਾਰ ਸਖ਼ਤੀ ਕਰਦਿਆਂ ਜੁਰਮਾਨੇ ਦੇ ਨਾਲ-ਨਾਲ ਮਾਲਕਾਂ ਨੂੰ ਤਿੰਨ-ਤਿੰਨ ਮਹੀਨੇ ਕੈਦ ਦੀ ਸਜ਼ਾ ਵੀ ਸੁਣਾਈ ਹੈ।
