
Cananda News : 20 ਸਾਲ ਤੱਕ ਜ਼ਮਾਨਤ ਨਹੀਂ
Ripudaman Malik's killer gets life imprisonment Latest News in Punjabi : ਟੋਰਾਂਟੋ: ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੀ ਅਦਾਲਤ ਨੇ ਰਿਪੁਦਮਨ ਸਿੰਘ ਮਲਿਕ ਦੀ 14, ਜੁਲਾਈ 2022 ਨੂੰ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਐਬਸਫੋਰਡ ਵਾਸੀ ਦੂਜੇ ਹਿੱਟਮੈਨ 26 ਸਾਲਾ ਜੋਸ ਲੁਪੇਜ਼ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਉਸ ਨੂੰ 20 ਸਾਲ ਤਕ ਜ਼ਮਾਨਤ ਨਹੀਂ ਮਿਲੇਗੀ। ਇਸ ਮਾਮਲੇ ਵਿਚ ਪਹਿਲੇ ਦੋਸ਼ੀ 24 ਸਾਲਾ ਟੈਨਰ ਫੋਕਸ ਨੂੰ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਉਸ ਵੇਲੇ ਦੂਜੇ ਕਾਤਲ ਜੋਸ ਲੁਪੇਜ਼ ਵਲੋਂ ਅਪਣਾ ਦੋਸ਼ ਕਬੂਲ ਕਰ ਲਿਆ ਗਿਆ ਸੀ।
ਇਸ ਦੌਰਾਨ ਅਦਾਲਤ ਵਿਚ ਮੌਜੂਦ ਭਾਈ ਮਲਿਕ ਦੀ ਨੂੰਹ ਬੀਬੀ ਸੰਦੀਪ ਕੌਰ ਧਾਲੀਵਾਲ ਨੇ ਦੋਸ਼ੀ ਤੋਂ ਪੁੱਛਿਆ ਸੀ ਕਿ ਉਹ ਉਨ੍ਹਾਂ ਨਾਵਾਂ ਨੂੰ ਨਸ਼ਰ ਕਰੇ, ਜਿਨਾਂ ਦੇ ਕਹਿਣ 'ਤੇ ਉਸਨੇ ਸੁਪਾਰੀ ਲੈ ਕੇ ਉਨ੍ਹਾਂ ਦੇ ਪਿਤਾ ਦਾ ਕਤਲ ਕੀਤਾ ਸੀ। ਦੂਜੇ ਹਿੱਟਮੈਨ ਨੂੰ ਸਜ਼ਾ ਸੁਣਾਏ ਦੌਰਾਨ ਸੰਦੀਪ ਕੌਰ ਧਾਲੀਵਾਲ ਦੁਬਾਰਾ ਅਦਾਲਤ ਵਿਚ ਹਾਜ਼ਰ ਹੋਈ। ਉਨ੍ਹਾਂ ਇਨਸਾਫ ਦੀ ਮੰਗ ਕੀਤੀ ਅਤੇ ਕਤਲ ਪਿੱਛੇ ਤਾਕਤਾਂ ਦੀ ਨਿਸ਼ਾਨਦੇਹੀ ਲਈ ਆਵਾਜ਼ ਉਠਾਈ। ਮਰਹੂਮ ਰਿਪੁਦਮਨ ਸਿੰਘ ਮਲਿਕ ਦੀ ਧੀ ਕੀਰਤ ਕੌਰ ਮਲਿਕ ਨੇ ਕਿਹਾ ਕਿ ਉਸਦੇ ਪਿਤਾ ਭਾਈਚਾਰੇ ਦਾ ਥੰਮ ਸਨ, ਜਿਨਾਂ ਆਪਣਾ ਜੀਵਨ ਭਾਈਚਾਰੇ ਦੇ ਲੇਖੇ ਲਾਇਆ ਅਤੇ ਜ਼ਿੰਦਗੀ ਸਿੱਖੀ ਦੇ ਪ੍ਰਚਾਰ ਅਤੇ ਵਿੱਦਿਆ ਨੂੰ ਸਮਰਪਤ ਕੀਤੀ।
ਪਹਿਲੇ ਕਾਤਲ ਟੈਨਰ ਫੋਕਸ ਦੀ ਸਜ਼ਾ ਮੌਕੇ ਰਿਪੁਦਮਨ ਸਿੰਘ ਮਲਿਕ ਦੇ ਪੁੱਤਰ ਵਕੀਲ ਜਸਪ੍ਰੀਤ ਸਿੰਘ ਮਲਿਕ ਨੇ ਅਦਾਲਤ ਬਾਹਰ ਇੱਕ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੇ ਪਰਿਵਾਰ 'ਤੇ ਖੌਫ ਕਾਇਮ ਹੈ ਅਤੇ ਇਸ ਗੱਲ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਕਿ ਇਨ੍ਹਾਂ ਭਾੜੇ ਦੇ ਕਾਤਲਾਂ ਨੂੰ ਕਿੰਨਾ ਤਾਕਤਾਂ ਨੇ ਵਰਤਿਆ। ਜਸਪ੍ਰੀਤ ਸਿੰਘ ਮਲਿਕ ਨੇ ਸਪੱਸ਼ਟ ਰੂਪ 'ਚ ਆਖਿਆ ਸੀ ਕਿ ਪਿਛਲੇ ਸਾਲ 2024 ਮਈ ਮਹੀਨੇ ਸੀ.ਬੀ.ਸੀ ਨੇ ਅਪਣੀ ਰਿਪੋਰਟ ਵਿਚ ਸਾਫ਼ ਕੀਤਾ ਸੀ ਕਿ ਆਰ.ਸੀ.ਐਮ.ਪੀ ਭਾੜੇ ਦੇ ਕਾਤਲਾਂ ਅਤੇ ਭਾਰਤ ਸਰਕਾਰ ਵਿਚਕਾਰ ਸੰਬੰਧਾਂ ਦੀ ਜਾਂਚ ਕਰ ਰਹੀ ਹੈ।