
ਸੈਲਾਨੀਆਂ ਦੇ ਕੇਂਦਰ ਸ਼ਹਿਰ ਰੋਟੋਰੂਆ ਵਿਖੇ 54ਵੀਂ ਮੈਰਾਥਨ ਦੌੜ ਬੀਤੇ ਦਿਨੀਂ ਖ਼ਤਮ ਹੋਈ
ਔਕਲੈਂਡ, ਸੈਲਾਨੀਆਂ ਦੇ ਕੇਂਦਰ ਸ਼ਹਿਰ ਰੋਟੋਰੂਆ ਵਿਖੇ 54ਵੀਂ ਮੈਰਾਥਨ ਦੌੜ ਬੀਤੇ ਦਿਨੀਂ ਖ਼ਤਮ ਹੋਈ। 27 ਮੁਲਕਾਂ ਦੇ ਲਗਪਗ 3500 ਲੋਕਾਂ ਨੇ ਇਸ ਦੌੜ 'ਚ ਭਾਗ ਲਿਆ। ਇਹ ਦੌੜ 5.5 ਕਿਲੋਮੀਟਰ ਤੋਂ ਲੈ ਕੇ ਪੂਰੀ ਮੈਰਾਥਨ 42 ਕਿਲੋਮੀਟਰ ਤਕ ਸੀ। 1250 ਦੇ ਕਰੀਬ ਲੋਕਾਂ ਨੇ ਪੂਰੀ ਮੈਰਾਥਨ ਦੌੜ ਦੇ ਵਿਚ ਹਿੱਸਾ ਲਿਆ ਸੀ। ਪੰਜਾਬੀਆਂ ਨੇ ਇਸ ਗੱਲ ਦੀ ਮਾਣ ਹੋਏਗਾ ਕਿ 79 ਸਾਲਾ ਸ. ਬਲਬੀਰ ਸਿੰਘ ਬਸਰਾ (ਫਗਵਾੜਾ) ਨੇ 10ਵੀਂ ਵਾਰ ਪੂਰੀ ਮੈਰਾਥਨ (42.1 ਕਿਲੋਮੀਟਰ) ਦੌੜ ਪੂਰੀ ਕੀਤੀ। ਸ. ਬਸਰਾ ਨੇ ਇਹ ਦੌੜ 6 ਘੰਟੇ 2 ਮਿੰਟ 43 ਸੈਕਿੰਡ ਵਿਚ ਪੂਰੀ ਕਰ ਕੇ ਨੌਜਵਾਨਾਂ ਨੂੰ ਸ਼ਾਇਦ ਇਹ ਸੰਦੇਸ਼ ਦਿਤਾ 'ਖੜ ਕੇ ਵੇਖ ਜਵਾਨਾਂ ਬਾਬੇ ਦੌੜਾਂ ਵੀ ਲਾਉਂਦੇ ਨੇ।' ਰੋਟੋਰੂਆ ਸ਼ਹਿਰ ਦੀ ਮੇਅਰ ਨੇ ਵੀ ਸ. ਬਸਰਾ ਦੇ ਨਾਲ ਤਸਵੀਰਾਂ ਖਿਚਵਾ ਕੇ ਖ਼ੁਸ਼ੀ ਜ਼ਾਹਿਰ ਕੀਤੀ।
79-year-old Balbir Singh Basra ran for the 10th time in the marathon
ਜ਼ਿਕਰਯੋਗ ਹੈ ਕਿ ਸ. ਬਸਰਾ ਨੇ 10 ਕੁ ਸਾਲ ਪਹਿਲਾਂ ਇਹ ਸ਼ੌਕ ਪਾਲਿਆ ਸੀ ਅਤੇ ਹੁਣ ਮਾਜਰਾ ਇਹ ਹੋ ਚੁੱਕਾ ਹੈ ਕਿ ਉਹ ਇਕ ਦਿਨ 'ਚ 71 ਕਿਲੋਮੀਟਰ ਤਕ ਦੀ ਸੈਰ ਕਰ ਛੱਡਦੇ ਹਨ। ਉਨ੍ਹਾਂ ਦੇ ਗੁੱਟ 'ਤੇ ਲੱਗੀ ਫਿਟਬਿਟ ਵੀ ਹੈਰਾਨ ਹੁੰਦੀ ਹੈ ਕਿ ਇਹ ਬਜ਼ੁਰਗ ਨੌਜਵਾਨ ਐਨਾ ਕਿਵੇਂ ਦੌੜ ਛੱਡਦਾ ਹੈ। ਰੋਟੋਰੂਆ ਵਿਖੇ ਮੈਰਾਥਨ ਦੌੜ ਵਿਚ ਭਾਗ ਲੈਣ ਵੇਲੇ ਉਨ੍ਹਾਂ ਦੇ ਮਿੱਤਰ ਸ. ਤਰਸੇਮ ਸਿੰਘ ਸੇਖੋਂ, ਸ. ਅਜੀਤ ਸਿੰਘ ਪਰਮਾਰ, ਸ. ਹਰਜੀਤ ਸਿੰਘ ਸ਼ੇਰਗਿੱਲ ਵੀ ਗਏ ਹੋਏ ਸਨ ਅਤੇ ਉਨ੍ਹਾਂ ਨੇ ਮੈਰਾਥਨ ਪੂਰੀ ਹੋਣ 'ਤੇ ਸ. ਬਸਰਾ ਅਤੇ ਉਨ੍ਹਾਂ ਦੇ ਪੁੱਤਰ ਗੁਰਦੀਪ ਸਿੰਘ ਬਸਰਾ ਨੂੰ ਵਧਾਈ ਦਿਤੀ।