
ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਕਾਰਨ ਨਫ਼ਰਤ ਤੇ ਵਿਦੇਸ਼ੀਆਂ
ਸੰਯੁਕਤ ਰਾਸ਼ਟਰ, 8 ਮਈ : ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਕਾਰਨ ਨਫ਼ਰਤ ਤੇ ਵਿਦੇਸ਼ੀਆਂ ਵਿਰੁਧ ਦੁਸ਼ਮਣੀ ਦੀ ਭਾਵਨਾ ਦੀ ਸੁਨਾਮੀ ਆ ਰਹੀ ਹੈ ਤੇ ਉਹਨਾਂ ਨੇ ਦੁਨੀਆਂ ਭਰ ਨੂੰ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਖ਼ਤਮ ਕਰਨ ਦੀ ਅਪੀਲ ਕੀਤੀ। ਗੁਤਾਰੇਸ ਨੇ ਕਿਹਾ ਕਿ ਪ੍ਰਵਾਸੀਆਂ ਤੇ ਸ਼ਰਣਾਰਥੀਆਂ ਨੂੰ ਵਾਇਰਸ ਦੇ ਸਰੋਤ ਦੇ ਰੂਪ ਵਿਚ ਬਦਨਾਮ ਕੀਤਾ ਗਿਆ ਤੇ ਫਿਰ ਉਹਨਾਂ ਨੂੰ ਇਲਾਜ ਮੁਹੱਈਆ ਕਰਨ ਤੋਂ ਇਨਕਾਰ ਕੀਤਾ ਗਿਆ।
ਗੁਤਾਰੇਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਜਦੋਂ ਵਿਸ਼ਵ ਮਹਾਮਾਰੀ ਨਾਲ ਲੜ ਰਿਹਾ ਹੈ ਤਾਂ ਅਜਿਹੀ ਸਥਿਤੀ ਵਿਚ ਸਾਡੀ ਜ਼ਿੰਮੇਦਾਰੀ ਲੋਕਾਂ ਦੀ ਰਖਿਆ ਕਰਨ, ਗ਼ਲਤਫਹਿਮੀਆਂ ਨੂੰ ਦੂਰ ਕਰਨ ਤੇ ਹਿੰਸਾ ਰੋਕਣ ਦੀ ਹੈ। ਉਹਨਾਂ ਨੇ ਕਿਹਾ ਕਿ ਕੋਵਿਡ-19 ਇਹ ਨਹੀਂ ਦੇਖਦਾ ਕਿ ਅਸੀਂ ਕੌਣ ਹਾਂ, ਕਿਥੇ ਰਹਿੰਦੇ ਹਾਂ, ਕਿਸ ’ਤੇ ਵਿਸ਼ਵਾਸ ਕਰਦੇ ਹਾਂ ਜਾਂ ਕੋਈ ਹੋਰ ਭੇਦਭਾਵ ਨਹੀਂ ਕਰਦਾ। ਪਰ ਮੁੜ ਤੋਂ ਮਹਾਮਾਰੀ ਕਾਰਨ ਨਫ਼ਰਤ ਤੇ ਵਿਦੇਸ਼ੀਆਂ ਵਿਰੁਧ ਦੁਸ਼ਮਣੀ ਦੀ ਭਾਵਨਾ, ਦੂਜਿਆਂ ਨੂੰ ਬਲੀ ਦਾ ਬੱਕਰਾ ਬਣਾਉਣਾ ਤੇ ਡਰ ਫੈਲਾਉਣ ਦੀ ਸੁਨਾਮੀ ਆ ਰਹੀ ਹੈ। ਸਾਨੂੰ ਇਸ ਨਾਲ ਇਕਜੁੱਟਤਾ ਨਾਲ ਨਿਪਟਣ ਦੀ ਲੋੜ ਹੈ। ਸੰਯੁਕਤ ਰਾਸ਼ਟਰ ਮੁਖੀ ਨੇ ਕਿਹਾ ਕਿ ਆਨਲਾਈਨ ਤੇ ਸੜਕਾਂ ’ਤੇ ਵਿਦੇਸ਼ੀਆਂ ਦੇ ਵਿਰੁਧ ਭਾਵਨਾ ਵਧੀ ਹੈ, ਯਹੂਦੀ ਵਿਰੋਧੀ ਸਾਜ਼ਿਸ਼ ਫੈਲੀ ਹੈ ਤੇ ਕੋਵਿਡ-19 ਦੇ ਸਬੰਧ ਵਿਚ ਮੁਸਲਮਾਨਾਂ ’ਤੇ ਹਮਲੇ ਵਧੇ ਹਨ।(ਪੀਟੀਆਈ)
File photo
ਪੱਤਰਕਾਰਾਂ, ਸਿਹਤ ਕਰਮਚਾਰੀਆਂ ਤੇ ਹੋਰ ਬਚਾਅ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਲਈ ਨਿਸ਼ਾਨਾ ਬਣਾਇਆ ਜਾ ਰਿਹੈ
ਗੁਤਾਰੇਸ ਨੇ ਕਿਹਾ ਕਿ ਪੱਤਰਕਾਰਾਂ, ਵਿ੍ਹਸਲਬਲੋਅਰਸ, ਸਿਹਤ ਪੇਸ਼ੇਵਰਾਂ, ਸਹਾਇਤਾ ਕਰਮਚਾਰੀਆਂ ਤੇ ਮਨੁੱਖੀ ਅਧਿਕਾਰ ਬਚਾਅ ਕਰਮਚਾਰੀਆਂ ਨੂੰ ਉਹਨਾਂ ਦੇ ਕੰਮ ਦੇ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਨੇਤਾਵਾਂ ਨੂੰ ਸਾਰੇ ਲੋਕਾਂ ਦੇ ਨਾਲ ਇਕਜੁੱਟਤਾ ਦਿਖਾਉਣ ਦਾ ਸੱਦਾ ਦਿਤਾ। ਜਨਰਲ ਸਕੱਤਰ ਨੇ ਮੀਡੀਆ ਖਾਸ ਕਰ ਕੇ ਸੋਸ਼ਲ ਮੀਡੀਆ ਨੂੰ ਕਮਜ਼ੋਰ ਵਰਗ ਦੇ ਲੋਕਾਂ ਤਕ ਅਪਣੀ ਪਹੁੰਚ ਮਜ਼ਬੂਤ ਕਰਨ ਦੇ ਲਈ ਨਸਲਵਾਦੀ, ਔਰਤਾਂ ਨਾਲ ਨਫ਼ਰਤ ਵਾਲੀ ਤੇ ਹੋਰ ਹਾਨੀਕਾਰਕ ਸਮੱਗਰੀ ਹਟਾਉਣ ਦਾ ਸੱਦਾ ਦਿਤਾ। ਗੁਤਾਰੇਸ ਨੇ ਕਿਹਾ ਕਿ ਹੋਰ ਮੈਂ ਸਾਰਿਆਂ ਨੂੰ ਹਰ ਥਾਂ ਨਫ਼ਰਤ ਦੇ ਵਿਰੁਧ ਖੜ੍ਹੇ ਹੋਣ, ਇਕ-ਦੂਜੇ ਨੂੰ ਸਨਮਾਨ ਦੇਣ ਤੇ ਦਿਆਲੂ ਭਾਵਨਾ ਦੇ ਪ੍ਰਸਾਰ ਦੀ ਅਪੀਲ ਕਰਦਾ ਹਾਂ।