
ਪਿਛਲੀ ਕਾਰਵਾਈ ਵਿਚ ਸਰਕਾਰੀ ਵਕੀਲ ਨੇ ਕਿਹਾ ਸੀ ਕਿ ਮੁਰਲੀਧਰਨ ਨੇ 57 ਤੋਂ 77 ਸਾਲ ਦੀ ਉਮਰ ਦੇ ਲੋਕਾਂ ਦਾ ਭਰੋਸਾ ਹਾਸਲ ਕੀਤਾ ਸੀ।
Singapore News: ਸਿੰਗਾਪੁਰ 'ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 6 ਲੋਕਾਂ ਨਾਲ 21 ਲੱਖ ਡਾਲਰ ਤੋਂ ਵੱਧ ਦੀ ਧੋਖਾਧੜੀ ਕਰਨ ਦੇ ਦੋਸ਼ 'ਚ 8 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 'ਦਿ ਸਟ੍ਰੇਟਸ ਟਾਈਮਜ਼' ਅਖਬਾਰ ਦੀ ਖਬਰ ਮੁਤਾਬਕ ਮੁਰਲੀਧਰਨ ਮੁਹੰਦਨ ( 47) ਨੇ "ਫ਼ੀਸ", "ਕਮਿਸ਼ਨ" ਅਤੇ ਹੋਰ ਫਰਜ਼ੀ ਭੁਗਤਾਨਾਂ ਰਾਹੀਂ ਇਹ ਦਾਅਵਾ ਕਰਦੇ ਹੋਏ ਧੋਖਾ ਦਿਤਾ ਕਿ ਉਹ ਉਨ੍ਹਾਂ ਦੇ ਪੈਸੇ ਵਾਪਸ ਕਰਨ ਵਿਚ ਮਦਦ ਕਰ ਸਕਦਾ ਹੈ।
ਧੋਖਾਧੜੀ ਦੇ ਪੀੜਤ ਪਹਿਲਾਂ ਦੇ ਨਿਵੇਸ਼ ਵਿਚ ਹਾਰ ਗਏ ਸਨ। ਸਿੰਗਾਪੁਰ ਦੇ ਨਾਗਰਿਕ ਮੁਰਲੀਧਰਨ ਨੂੰ ਜੂਨ 2020 ਤੋਂ ਅਕਤੂਬਰ 2022 ਦਰਮਿਆਨ 7,37,036 ਡਾਲਰ ਤੋਂ ਵੱਧ ਦੀ ਧੋਖਾਧੜੀ ਦੇ 18 ਦੋਸ਼ਾਂ 'ਚ 5 ਅਪ੍ਰੈਲ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਸਜ਼ਾ ਸੁਣਾਏ ਜਾਣ ਦੌਰਾਨ ਬਾਕੀ ਰਾਸ਼ੀ ਨਾਲ ਸਬੰਧਤ 40 ਹੋਰ ਅਜਿਹੇ ਦੋਸ਼ਾਂ 'ਤੇ ਵਿਚਾਰ ਕੀਤਾ ਗਿਆ ਸੀ। ਪਿਛਲੀ ਕਾਰਵਾਈ ਵਿਚ ਸਰਕਾਰੀ ਵਕੀਲ ਨੇ ਕਿਹਾ ਸੀ ਕਿ ਮੁਰਲੀਧਰਨ ਨੇ 57 ਤੋਂ 77 ਸਾਲ ਦੀ ਉਮਰ ਦੇ ਲੋਕਾਂ ਦਾ ਭਰੋਸਾ ਹਾਸਲ ਕੀਤਾ ਸੀ।
ਮੁਰਲੀਧਰਨ ਨੇ ਸੱਭ ਤੋਂ ਪਹਿਲਾਂ 77 ਸਾਲਾ ਰਿਟਾਇਰਡ ਔਰਤ ਨੂੰ ਧੋਖਾ ਦਿਤਾ, ਜਿਸ ਨੇ ਗੋਲਡ ਕ੍ਰਾਊਨ ਟਾਈਮਸ਼ੇਅਰ ਨਿਵੇਸ਼ ਯੋਜਨਾ ਵਿਚ ਪੈਸੇ ਗੁਆ ਦਿਤੇ। ਅਦਾਲਤ ਨੂੰ ਇਹ ਵੀ ਦਸਿਆ ਗਿਆ ਕਿ ਮਈ 2022 ਵਿਚ ਫੜੇ ਜਾਣ ਅਤੇ ਅਦਾਲਤ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਪਹਿਲਾਂ ਉਸ ਨੇ ਪੰਜ ਹੋਰ ਲੋਕਾਂ ਨਾਲ ਵੀ ਧੋਖਾ ਕੀਤਾ ਸੀ। ਧੋਖਾਧੜੀ ਦੇ ਹਰੇਕ ਮਾਮਲੇ ਲਈ ਅਪਰਾਧੀ ਨੂੰ 10 ਸਾਲ ਤਕ ਦੀ ਕੈਦ ਅਤੇ ਜੁਰਮਾਨਾ ਹੋ ਸਕਦਾ ਹੈ।