
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਜੇ ਸਿੰਗਾਪੁਰ ਵਿਚ 12 ਜੂਨ ਨੂੰ ਹੋਣ ਵਾਲੀ ਬੈਠਕ ਚੰਗੀ ਰਹੀ ਤਾਂ ਉਹ ਉਤਰੀ ਕੋਰੀਆ ਦੇ ਸ਼ਾਸਕ ਕਿਮ ...
ਵਾਸ਼ਿੰਗਟਨ,ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਜੇ ਸਿੰਗਾਪੁਰ ਵਿਚ 12 ਜੂਨ ਨੂੰ ਹੋਣ ਵਾਲੀ ਬੈਠਕ ਚੰਗੀ ਰਹੀ ਤਾਂ ਉਹ ਉਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ-ਉਨ ਨੂੰ ਵ੍ਹਾਈਟ ਹਾਊਸ ਆਉਣ ਦਾ ਸੱਦਾ ਦੇ ਸਕਦੇ ਹਨ।ਸਿੰਗਾਪੁਰ ਵਿਚ 12 ਜੂਨ ਨੂੰ ਹੋਣ ਵਾਲੀ ਬੈਠਕ ਦੇ ਸਬੰਧ 'ਚ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਚਰਚਾ ਕਰਨ ਤੋਂ ਬਾਅਦ ਟਰੰਪ ਨੇ ਇਹ ਗੱਲ ਕਹੀ।
ਪੱਤਰਕਾਰਾਂ ਨੇ ਜਦੋਂ ਟਰੰਪ ਨੂੰ ਸਵਾਲ ਕੀਤਾ ਕਿ ਉਹ ਉਤਰੀ ਕੋਰੀਆਈ ਸ਼ਾਸਕ ਨੂੰ ਵ੍ਹਾਈਟ ਹਾਊਸ ਆਉਣ ਦਾ ਸੱਦਾ ਦੇਣਗੇ ਜਾਂ ਉਨ੍ਹਾਂ ਨੂੰ ਮਾਰ-ਏ-ਲਾਗੋ 'ਚ ਸੱਦਣਗੇ। ਇਸ 'ਤੇ ਰਾਸ਼ਟਰਪਤੀ ਨੇ ਕਿਹਾ, ''ਅਸੀਂ ਵ੍ਹਾਈਟ ਹਾਊਸ ਤੋਂ ਸ਼ੁਰੂਆਤ ਕਰਾਂਗੇ।''ਕਿਮ ਵਲੋਂ ਪਿਛਲੇ ਹਫ਼ਤੇ ਟਰੰਪ ਨੂੰ ਭੇਜੀ ਗਈ ਨਿੱਜੀ ਚਿੱਠੀ ਬਾਰੇ ਉਨ੍ਹਾਂ ਕਿਹਾ, ''ਪੱਤਰ ਸਿਰਫ਼ ਸਵਾਗਤ ਸੀ। ਇਹ ਸੱਚ ਵਿਚ ਬਹੁਤ ਚੰਗਾ ਸੀ।
ਹੋ ਸਕਦਾ ਹੈ ਕਿ ਮੈਂ ਉਸ ਨੂੰ ਜਨਤਕ ਕਰਨ ਦੀ ਆਗਿਆ ਪ੍ਰਾਪਤ ਕਰ ਸਕਦਾ ਹਾਂ। ਬੇਹੱਦ ਗਰਮਜੋਸ਼ੀ ਨਾਲ ਭਰਿਆ ਪੱਤਰ ਸੀ।'' ਹਾਲਾਂਕਿ ਟਰੰਪ ਨੇ ਇਹ ਸਪਸ਼ਟ ਕੀਤਾ ਹੈ ਕਿ ਜੇ ਉਨ੍ਹਾਂ ਦੇ ਟੀਚੇ ਪੂਰੇ ਨਹੀਂ ਹੁੰਦੇ ਹਨ ਤਾਂ ਉਹ ਹੁਣ ਵੀ ਬੈਠਕ ਤੋਂ ਪਿੱਛੇ ਹੱਟ ਸਕਦੇ ਹਨ।ਟਰੰਪ ਨੇ ਕਿਹਾ, ''ਮੈਂ ਪਿੱਛੇ ਹਟਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਅਜਿਹਾ ਹੋ ਸਕਦਾ ਹੈ ਪਰ ਉਮੀਦ ਕਰਦਾ ਹਾਂ ਕਿ ਪਿੱਛੇ ਹਟਣ ਦੀ ਜ਼ਰੂਰਤ ਨਹੀਂ ਪਏਗੀ, ਕਿਉਂਕਿ ਮੇਰਾ ਮੰਨਣਾ ਹੈ ਕਿ ਕਿਮ ਜੋਂਗ-ਉਨ ਸਚਮੁਚ ਕੁੱਝ ਅਜਿਹਾ ਕਰਨਾ ਚਾਹੁੰਦੇ ਹਨ ਜੋ ਉਨ੍ਹਾਂ ਦੇ ਲੋਕਾਂ, ਉਨ੍ਹਾਂ ਦੇ ਪਰਵਾਰਾਂ ਅਤੇ ਖੁਦ ਉਨ੍ਹਾਂ ਲਈ ਬਿਹਤਰ ਹੋਵੇਗਾ।'' (ਪੀਟੀਆਈ)